ਖੇਡ ਯੂਨੀਵਰਸਿਟੀ ਤੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰਖਿਆ
Published : Oct 26, 2020, 7:56 am IST
Updated : Oct 26, 2020, 7:56 am IST
SHARE ARTICLE
image
image

ਖੇਡ ਯੂਨੀਵਰਸਿਟੀ ਤੇ ਨਵੇਂ ਬੱਸ ਅੱਡੇ ਦਾ ਨੀਂਹ ਪੱਥਰ ਰਖਿਆ

ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਖ਼ੁਦ ਨਿਗਰਾਨੀ ਕਰਾਂਗਾ : ਮੁੱਖ ਮੰਤਰੀ
 

ਪਟਿਆਲਾ, 25 ਅਕਤੂਬਰ (ਤੇਜਿੰਦਰ ਫ਼ਤਿਹਪੁਰ, ਜਸਪਾਲ ਸਿੰਘ ਢਿੱਲੋਂ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰੇ ਦੇ ਤਿਉਹਾਰ ਮੌਕੇ ਅੱਜ ਪਟਿਆਲਾ ਵਿਖੇ ਖੇਡਾਂ ਨੂੰ ਸਮਰਪਤ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਟੀ ਅਤੇ ਨਵੇਂ ਬੱਸ ਅੱਡੇ ਸਮੇਤ ਹੋਰ ਕਈ ਅਹਿਮ ਵਿਕਾਸ ਪ੍ਰਾਜੈਕਟਾਂ ਦੇ ਵੀ ਦੇ ਨੀਂਹ ਪੱਥਰ ਰੱਖੇ।
ਇਥੇ ਦੋ ਵੱਖ-ਵੱਖ ਸਮਾਗਮਾਂ ਦੌਰਾਨ ਮੁੱਖ ਮੰਤਰੀ ਨੇ ਪਟਿਆਲਾ ਸ਼ਹਿਰ ਲਈ ਨਹਿਰੀ ਪਾਣੀ 'ਤੇ ਆਧਾਰਤ 24 ਘੰਟੇ-ਸੱਤੇ ਦਿਨ ਪੀਣ ਵਾਲਾ ਸਾਫ਼ ਪਾਣੀ ਮੁਹਈਆ ਕਰਵਾਉਣ ਲਈ 503 ਕਰੋੜ ਰੁਪਏ ਦੀ ਲਾਗਤ ਵਾਲੇ ਜਲ ਸਪਲਾਈ ਪ੍ਰਾਜੈਕਟ, ਕਿਲ੍ਹਾ ਮੁਬਾਰਕ ਦੁਆਲੇ 43 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾਣ ਵਾਲੀ ਵਿਰਾਸਤੀ ਲਾਂਘਾ (ਹੈਰੀਟੇਜ ਸਟਰੀਟ), ਰਾਜਪੁਰਾ ਰੋਡ 'ਤੇ 65 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਅਤਿ ਆਧੁਨਿਕ ਬੱਸ ਸਟੈਂਡ ਅਤੇ ਰਾਜਪੁਰਾ ਰੋਡ ਨੂੰ ਚੌੜਾ ਕਰਨ ਦੇ 6.74 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰਖਿਆ।
ਇਸ ਮੌਕੇ ਮੁੱਖ ਮੰਤਰੀ ਨੇ ਪੀ.ਡੀ.ਏ. ਵਲੋਂ ਇਥੇ ਹਾਜ਼ੀ ਮਾਜਰਾ ਵਿਖੇ ਆਰਥਕ ਤੌਰ 'ਤੇ ਕਮਜ਼ੋਰ ਲੋਕਾਂ ਲਈ ਉਸਾਰੇ ਗਏ ਨਵੇਂ 174 ਫ਼ਲੈਟਾਂ ਵਿਚੋਂ 124 ਫ਼ਲੈਟਾਂ ਦੀਆਂ ਚਾਬੀਆਂ ਅਤੇ ਦਸਤਾਵੇਜ਼ ਲਾਭਪਾਤਰੀਆਂ ਨੂੰ ਸੌਂਪੇ। ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਅਤੇ ਪੀ.ਡੀ.ਏ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਰਾਜ ਦੇ ਆਰਥਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਘਰ ਮੁਹਈਆ ਕਰਵਾਉਣ। ਉਨ੍ਹਾਂ ਕਿਹਾ ਕਿ ਉਹ ਚਲ ਰਹੇ ਪ੍ਰਾਜੈਕਟਾਂ ਅਤੇ ਨਵੇਂ ਪ੍ਰਾਜੈਕਟਾਂ ਦੀ ਖ਼ੁਦ ਨਿਗਰਾਨੀ ਕਰਨਗੇ। ਮੁੱਖ ਮੰਤਰੀ ਨੇ ਪਟਿਆਲਾ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੂਰੀਆਂ ਸਾਵਧਾਨੀਆਂ ਰੱਖੀਆਂ ਜਾਣ ਕਿਉਂਕਿ ਨਵੰਬਰ ਤੇ ਦਸੰਬਰ ਮਹੀਨੇ ਕੋਵਿਡ ਦਾ ਦੂਜੀ ਲਹਿਰ ਪੈਦਾ ਹੋਣ ਦਾ ਖ਼ਦਸ਼ਾ ਹੈ।
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ 500 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾਵੇਗੀ ਜਿਸ ਵਿਚੋਂ 60 ਕਰੋੜ ਰੁਪਏ ਇਸ ਦੇ ਪਹਿਲੇ ਪੜਾਅ ਨੂੰ ਵਿਕਸਤ ਕਰਨ 'ਤੇ ਖ਼ਰਚੇ ਜਾਣਗੇ, ਜਿਸ ਨਾਲ ਅਕਾਦਮਿਕ ਤੇ ਪ੍ਰਬੰਧਕੀ ਬਲਾਕ, ਲੜਕੇ ਤੇ ਲੜਕੀਆਂ ਲਈ ਹੋਸਟਲ ਅਤੇ ਅੰਦਰੂਨੀ ਸੜਕਾਂ ਸਮੇਤ ਚਾਰਦਿਵਾਰੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਅਪਣੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ, ਜਿਨ੍ਹਾਂ ਦੇ ਨਾਮ 'ਤੇ ਇਸ ਯੂਨੀਵਰਸਿਟੀ ਨੂੰ ਸਥਾਪਤ ਕੀਤਾ ਗਿਆ ਹੈ, ਦੇ ਅੱਜ ਦੁਸਹਿਰੇ ਵਾਲੇ ਦਿਨ 129ਵੇਂ ਜਨਮ ਦਿਵਸ ਮੌਕੇ ਉਨ੍ਹਾਂ ਵਲੋਂ ਖੇਡਾਂ ਪ੍ਰਤੀ ਦਿਤੀ ਗਈ ਦੇਣ ਨੂੰ ਸਾਂਝਾ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਯੂਨੀਵਰਸਿਟੀ ਖਿਡਾਰੀਆਂ ਦਾ ਵਿਗਿਆਨਕ ਵਿਕਾਸ ਕਰਨ 'ਚ ਅਹਿਮ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਖੇਡਾਂ ਦਾ ਧੁਰਾ ਬਣੇ ਅਤੇ ਸਾਡੇ ਖਿਡਾਰੀ ਤੇ ਕੋਚ ਵਿਗਿਆਨਕ ਸੋਚ ਨਾਲ ਲੈਸ ਹੋਣ। ਮੁੱਖ ਮੰਤਰੀ ਨੇ ਇਸ ਯੂਨੀਵਰਸਿਟੀ ਲਈ 100 ਕਿਲ੍ਹੇ ਦੇ ਕਰੀਬ ਜ਼ਮੀਨ ਮੁਫ਼ਤ ਪ੍ਰਦਾਨ ਕਰਨ ਵਾਲੇ ਪਿੰਡ ਸਿੱਧੂਵਾਲ ਦੇ ਸਰਪੰਚ ਤਰਸੇਮ ਸਿੰਘ, ਸਮੁੱਚੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦਾ ਧਨਵਾਦ ਕਰਦਿਆਂ ਕਿਹਾ ਕਿ ਇਸ ਪਿੰਡ ਨੇ ਪਹਿਲਾਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਲਈ ਮੁਫ਼ਤ ਜ਼ਮੀਨ ਪ੍ਰਦਾਨ ਕੀਤੀ। ਉਨ੍ਹਾਂ ਨੇ ਪਿੰਡ ਸਿੱਧੂਵਾਲ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ 50 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਖੇਡ ਯੂਨੀਵਰਸਿਟੀ ਸਥਾਪਤ ਕਰਨੀ ਸਮੇਂ ਦੀ ਮੁੱਖ ਲੋੜ ਸੀ। ਪ੍ਰਨੀਤ ਕੌਰ ਨੇ ਪਟਿਆਲਾ ਵਾਸੀਆਂ ਨੂੰ ਇਸ ਯੂਨੀਵਰਸਟੀ ਦੀ ਸਥਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਯੂਨੀਵਰਸਿਟੀ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ 'ਚ ਤਾਂ ਸਹਾਈ ਹੋਵੇਗੀ ਹੀ ਸਗੋਂ ਰਾਜ ਅੰਦਰ ਖੇਡ ਸਭਿਆਚਾਰ ਵੀ ਵਿਕਸਤ ਕਰੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਦੇ ਕਿਸਾਨ ਵਿਰੋਧੀ ਬਿਲਾਂ ਵਿਰੁਧ ਪਾਸ ਕੀਤੇ ਗਏ ਨਵੇਂ ਕਾਨੂੰਨਾਂ ਸਮੇਤ ਪੰਜਾਬ ਤੇ ਪੰਜਾਬੀਅਤ ਲਈ ਨਿਭਾਏ ਗਈ ਅਹਿਮ ਭੂਮਿਕਾ ਦੀ ਭਰਵੀਂ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਕਿ ਕੈਪਟਨ ਅਮਰਿੰਦਰ ਸਿੰਘ ਖ਼ੁਦ ਅਪਣੇ ਦਾਦਾ ਜੀ ਦੇ ਨਾਮ 'ਤੇ ਇਸ ਯੂਨੀਵਰਸਿਟੀ ਦਾ ਨਾਮ ਰੱਖਣ ਦੇ ਹੱਕ ਵਿਚ ਨਹੀਂ ਸਨ ਪਰੰਤੂ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਨੇ ਇਹ ਫ਼ੈਸਲਾ ਲਿਆ।
ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਖੇਡ ਸਿਖਿਆ ਦੇ ਖੇਤਰ ਵਿਚ ਵੱਡੀ ਤਬਦੀਲੀ ਲਿਆਂਦੀ ਹੈ ਪਰੰਤੂ ਹੁਣ ਇਹ ਯੂਨੀਵਰਸਿਟੀ ਖਿਡਾਰੀਆਂ ਦਾ ਭਵਿੱਖ ਸੰਵਾਰ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਪਿੰਡ ਸਿੱਧੂਵਾਲ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਇਥੋਂ ਦੇ ਬੱਚਿਆਂ ਨੂੰ ਇਸ ਯੂਨੀਵਰਸਿਟੀ 'ਚ ਸਿਖਿਆ ਦੇਣ ਲਈ ਵਿਸ਼ੇਸ਼ ਤਵੱਜੋ ਦੇਵੇਗੀ। ਖੇਡ ਮੰਤਰੀ ਨੇ ਮੁੱਖ ਮੰਤਰੀ ਵਲੋਂ ਰਾਜ ਅੰਦਰ ਖੇਡਾਂ ਅਤੇ ਖੇਡ ਸਿਖਿਆ ਨੂੰ ਪ੍ਰਫੁਲਤ ਕਰਨ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ਼ਟੀਨੈਂਟ ਜਨਰਲ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਵਾਰ ਖ਼ਾਸ ਤੌਰ 'ਤੇ ਉਨ੍ਹਾਂ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਦੇ ਖੇਡਾਂ ਪ੍ਰਤੀ ਯੋਗਦਾਨ ਦੀ ਸ਼ਲਾਘਾ ਕੀਤੀ।  ਖੇਡ ਮੰਤਰੀ ਨੇ ਯੂਨੀਵਰਸਿਟੀ ਦੀ ਸਥਾਪਨਾ ਲਈ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਿਨ੍ਹਾਂ ਵਿਚ ਸ੍ਰੀਮਤੀ ਪ੍ਰਨੀਤ ਕੌਰ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਰਜ਼ੀਆ ਸੁਲਤਾਨਾ, ਵਿਜੇ ਇੰਦਰ ਸਿੰਗਲਾ, ਬੀਬਾ ਜੈ ਇੰਦਰ ਕੌਰ, ਰਾਜਾ ਰਣਧੀਰ ਸਿੰਘ, ਰਾਜਾ ਮਾਲਵਿੰਦਰ ਸਿੰਘ, ਚੇਅਰਮੈਨ ਲਾਲ ਸਿੰਘ, ਸੀਨੀਅਰ ਸਲਾਹਕਾਰ/ਮੁੱਖ ਮੰਤਰੀ ਟੀ.ਐਸ. ਸ਼ੇਰਗਿੱਲ, ਵਿਧਾਇਕ ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ, ਰਾਜਿੰਦਰ ਸਿੰਘ ਸਮਾਣਾ ਅਤੇ ਸਰਪੰਚ ਤਰਸੇਮ ਸਿੰਘ, ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸੁਖਪਾਲ ਸਿੰਘ (ਸਿੱਧੂਵਾਲ ਪੰਚਾਇਤ) ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 10-15 ਸਾਲਾਂ ਦੇ ਸ਼ਹਿਰ ਦੇ ਵਿਕਾਸ ਦੇ ਮੱਦੇਨਜ਼ਰ ਨਵੇਂ ਹਾਈ-ਟੈੱਕ ਬੱਸ ਸਟੈਂਡ ਨਾਲ ਪਟਿਆਲਾ ਦੇ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਬੱਸ ਸਟੈਂਡ 15 ਮਹੀਨਿਆਂ ਵਿਚ ਮੁਕੰਮਲ ਹੋਵੇਗਾ ਅਤੇ ਇਹ ਆਧੁਨਿਕ ਅਤੇ ਮੁਸਾਫ਼ਰ ਪੱਖੀ ਬੱਸ ਸਟੈਂਡ ਨਾਲ ਮੌਜੂਦਾ ਬੱਸ ਸਟੈਂਡ ਦਾ ਵਿਸਥਾਰ ਹੋਵੇਗਾ ਅਤੇ ਦੋਵੇਂ ਥਾਵਾਂ ਦਰਮਿਆਨ ਆਪਸੀ ਸੰਪਰਕ ਬਣਾਉਣ ਦੇ ਨਾਲ-ਨਾਲ ਸ਼ਹਿਰ ਦੇ ਹੋਰ ਹਿੱਸਿਆਂ ਨਾਲ ਜੋੜਨ ਲਈ ਲੋੜੀਦੀਂ ਯੋਜਨਾ ਉਲੀਕੀ ਜਾ ਰਹੀ ਹੈ। ਇਸੇ ਤਰ੍ਹਾਂ ਰਾਜਪੁਰਾ ਰੋਡ ਜਿਥੇ ਬੱਸ ਸਟੈਂਡ ਬਣਾਇਆ ਜਾ ਰਿਹਾ ਹੈ, ਨੂੰ ਵੀ ਅਗਲੇ ਸਾਲ ਤਕ ਚੌੜਾ ਕੀਤਾ ਜਾਵੇਗਾ।
ਬਾਅਦ ਵਿਚ ਅਪਣੀ ਸਰਕਾਰ ਦੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਜਲ ਸਪਲਾਈ ਪ੍ਰੋਜੈਕਟ ਦਾ ਆਗਾਜ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਪਟਿਆਲਾ ਵਾਸੀਆਂ ਨੂੰ ਪੀਣ ਵਾਲਾ ਪਾਣੀ 24 ਘੰਟੇ ਮੁਹਈਆ ਕਰਵਾਉਣ ਵਿਚ ਸਹਾਇਤਾ ਮਿਲੇਗੀ ਜਿਸ ਦੀ ਆਬਾਦੀ 5 ਲੱਖ ਹੋ ਗਈ ਹੈ ਅਤੇ ਸਾਲ 2050 ਤਕ 9 ਲੱਖ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪਟਿਆਲਾ ਨੈਵੀਗੇਸ਼ਨ ਚੈਨਲ ਰਾਹੀਂ ਭਾਖੜਾ ਨਹਿਰ ਤੋਂ ਪਾਣੀ ਲਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਵਾਟਰ ਵਰਕਸ ਅਬਲੋਵਾਲ ਵਿੱਚ ਬਣਾਏ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਤਿੰਨ ਸਾਲਾਂ ਵਿਚ ਪੂਰਾ ਹੋਣ ਦਾ ਅਨੁਮਾਨ ਹੈ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਹਰਿੰਦਰਪਾਲ ਸਿੰਘ ਹੈਰੀਮਾਨ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਪੰਜਾਬ ਸਫ਼ਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਪਰਗਟ ਸਿੰਘ ਧੁੰਨਾ, ਚੇਅਰਮੈਨ ਸੰਤ ਬਾਂਗਾ ਤੇ ਚੇਅਰਮੈਨ ਸੰਤੋਖ ਸਿੰਘ, ਵਾਈਸ ਚੇਅਰਮੈਨ ਵੇਦ ਕਪੂਰ ਤੇ ਰਾਜ ਕਮਲ ਲੱਕੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਖੇਡਾਂ ਤੇ ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੀਵਰੇਜ ਅਜੋਏ ਸਿਨਹਾ ਤੇ ਸੀਈਓ ਅਜੋਏimageimage ਸ਼ਰਮਾ, ਓਐਸਡੀ ਮੇਜਰ ਅਮਰਦੀਪ ਸਿੰਘ, ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਡਿਪਟੀ ਸਕੱਤਰ ਰਾਜੇਸ਼ ਕੁਮਾਰ, ਐਮ.ਪੀ. ਦੇ ਨਿਜੀ ਸਕੱਤਰ ਬਲਵਿੰਦਰ ਸਿੰਘ, ਵਾਈਸ ਚਾਂਸਲਰ ਪ੍ਰੋ. ਪੀ.ਐਸ. ਜੈਸਵਾਲ, ਡਾ. ਬੀ.ਐਸ. ਘੁੰਮਣ ਅਤੇ ਪ੍ਰੋ. ਕਰਮਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿਨਤੀ ਸੰਗਰ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ ਆਦਿ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।  

ਫੋਟੋ ਨੰ: 25 ਪੀਏਟੀ 15

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement