
ਕੇਂਦਰ ਵਿਰੁਧ ਸਾਂਝੀ ਲੜਾਈ ਲਈ ਭਾਜਪਾ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਹੋਈਆਂ ਇਕਜੁਟ
g ਮੁੱਖ ਮੰਤਰੀ ਨੇ ਬਣੀ ਸਹਿਮਤੀ ਬਾਅਦ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਤੇ ਬੀ.ਐਸ.ਐਫ਼ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਜਾਣ ਦਾ ਕੀਤਾ ਐਲਾਨ g ਸੈਸ਼ਨ ਵਿਚ ਬੀ.ਐਸ.ਐਫ਼ ਐਕਟ ਤੋਂ ਇਲਾਵਾ ਤਿੰਨ ਕੇਂਦਰੀ ਖੇਤੀ ਕਾਨੂੰਨ ਮੁੱਢੋਂ ਕੀਤੇ ਜਾਣਗੇ ਰੱਦ
ਚੰਡੀਗੜ੍ਹ, 25 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਇਥੇ ਕੀਤੀ ਸਰਬ ਪਾਰਟੀ ਮੀਟਿੰਗ ਵਿਚ ਭਾਜਪਾ ਨੂੰ ਛੱਡ ਕੇ ਬਾਕੀ ਸੱਭ ਸਿਆਸੀ ਪਾਰਟੀਆਂ ਬੀ.ਐਸ.ਐਫ਼ ਦਾ ਪੰਜਾਬ ਵਿਚ ਅਧਿਕਾਰ ਖੇਤਰ ਵਧਾਉਣ ਦੇ ਫ਼ੈਸਲੇ ਵਿਰੁਧ ਇਕਜੁਟ ਹੋ ਗਈਆਂ ਹਨ ਅਤੇ ਸਾਂਝੀ ਮੁਹਿੰਮ ਲਈ ਸਹਿਮਤੀ ਬਣੀ ਹੈ |
ਜ਼ਿਕਰਯੋਗ ਗੱਲ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਮੁੜ ਇਕ ਮੰਚ 'ਤੇ ਇਕੱਠੇ ਹੋਏ ਅਤੇ ਸਰਬ ਪਾਰਟੀ ਮੀਟਿੰਗ ਦੀ ਸਮਾਪਤੀ ਬਾਅਦ ਦੋਹਾਂ ਨੇ ਕੇਂਦਰ ਸਰਕਾਰ ਵਿਰੁਧ ਰਾਜਾਂ ਦੇ ਅਧਿਕਾਰਾਂ ਲਈ ਸੱਭ ਪਾਰਟੀਆਂ ਵਲੋਂ ਪਾਸ ਸਾਂਝੇ ਮਤੇ ਦੀ ਜਾਣਕਾਰੀ ਦਿੰਦੇ ਹੋਏ ਅਹਿਮ ਐਲਾਨ ਕੀਤੇ | ਇਸ ਮੌਕੇ ਉਨ੍ਹਾਂ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓ.ਪੀ. ਸੋਨੀ, ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ
ਪ੍ਰਧਾਨ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ | ਮੁੱਖ ਮੰਤਰੀ ਚੰਨੀ ਨੇ ਅਹਿਮ ਐਲਾਨ ਕਰਦਿਆਂ ਕਿਹਾ ਕਿ ਅੱਜ ਵੀ ਸਰਬ ਪਾਰਟੀ ਮੀਟਿੰਗ ਵਧੀਆ ਮਾਹੌਲ ਵਿਚ ਹੋਈ | ਬਣੀ ਸਾਂਝੀ ਸਹਿਮਤੀ ਮੁਤਾਬਕ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਬੀ.ਐਸ.ਐਫ਼ ਦਾ ਅਧਿਕਾਰ ਖੇਤਰ ਤੇ ਸ਼ਕਤੀਆਂ ਵਧਾਉਣ ਬਾਰੇ ਕੇਂਦਰੀ ਐਕਟ ਨੂੰ ਰੱਦ ਕਰਨ ਲਈ ਛੇਤੀ ਹੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ | ਇਹ ਸੈਸ਼ਨ ਸੱਦਣ ਬਾਰੇ ਫ਼ੈਸਲਾ 27 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿਚ ਲਿਆ ਜਾਵੇਗਾ |
ਉਨ੍ਹਾਂ ਕਿਹਾ ਕਿ ਇਹ ਵੀ ਫ਼ੈਸਲਾ ਹੋਇਆ ਹੈ ਕਿ ਕੇਂਦਰ ਵਲੋਂ ਲਾਗੂ ਖੇਤੀ ਕਾਨੂੰਨ ਵੀ ਮੁਢੋਂ ਹੀ ਵਿਧਾਨ ਸਭਾ ਦੇ ਸੈਸ਼ਨ ਵਿਚ ਰੱਦ ਕੀਤੇ ਜਾਣਗੇ |
ਉਨ੍ਹਾਂ ਕਿਹਾ ਕਿ ਅਸੀ ਬੀ.ਐਸ.ਐਫ਼ ਬਾਰੇ ਫ਼ੈਸਲੇ ਵਿਰੁਧ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਵੀ ਕੀਤੀ ਸੀ ਅਤੇ ਪੱਤਰ ਵੀ ਲਿਖਿਆ ਸੀ ਪਰ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ | ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਵਿਧਾਨ ਸਭਾ ਸੈਸ਼ਨ ਬਾਅਦ ਵੀ ਬੀ.ਐਸ.ਐਫ਼ ਬਾਰੇ ਫ਼ੈਸਲੇ ਦਾ ਨੋਟੀਫ਼ੀਕੇਸ਼ਨ ਰੱਦ ਨਾ ਕੀਤਾ ਤਾਂ ਸੁਪਰੀਮ ਕੋਰਟ ਵਿਚ ਇਸ ਨੂੰ ਚੁਨੌਤੀ ਦਿਤੀ ਜਾਵੇਗੀ ਕਿਉਂਕਿ ਅਮਨ ਕਾਨੂੰਨ ਰਾਜਾਂ ਦਾ ਵਿਸ਼ਾ ਹੈ ਜਿਸ ਵਿਚ ਦਖ਼ਲ ਦੇ ਕੇ ਕੇਂਦਰ ਨੇ ਗ਼ੈਰ ਸੰਵਿਧਾਨਕ ਕੰਮ ਕੀਤਾ ਹੈ | ਸਰਬ ਪਾਰਟੀ ਮੀਟਿੰਗ ਵਿਚ ਹੋਈ ਸਹਿਮਤੀ ਮੁਤਾਬਕ ਵਿਧਾਨ ਸਭਾ ਸੈਸ਼ਨ ਸੱਦਣ ਤੇ ਕਾਨੂੰਨੀ ਕਾਰਵਾਈ ਤੋਂ ਬਾਅਦ ਜਨ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਲੋਕ ਸਭਾ ਤੋਂ ਰਾਜ ਸਭਾ ਵਿਚ ਵੀ ਮੁੱਦਾ ਪੰਜਾਬ ਦੇ ਮੈਂਬਰ ਜ਼ੋਰਦਾਰ ਤਰੀਕੇ ਨਾਲ ਚੁਕਣਗੇ |
ਸਰਬ ਪਾਰਟੀ ਮੀਟਿੰਗ: ਸਾਂਝੇ ਸੰਘਰਸ਼ ਦੀ ਸਹਿਮਤੀ ਦੇ ਬਾਵਜੂਦ ਵਿਰੋਧੀ ਆਗੂਆਂ ਨੇ ਕੁੱਝ ਤਿੱਖੇ ਸਵਾਲ ਚੁਕੇ
ਆਮ ਆਦਮੀ ਪਾਰਟੀ ਤੇ ਸ਼ੋ੍ਰਮਣੀ ਅਕਾਲੀ ਦਲ ਨੇ ਚੰਨੀ-ਸ਼ਾਹ ਮੀਟਿੰਗ ਨੂੰ ਲੈ ਕੇ ਲੋਕਾਂ ਦੇ ਸ਼ੰਕੇ ਦੂਰ ਕਰਨ 'ਤੇ ਦਿਤਾ ਜ਼ੋਰ
ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ ਤੇ ਸਿਮਰਜੀਤ ਬੈਂਸ ਨੇ ਰਾਜਾਂ ਦੇ ਅਧਿਕਾਰਾਂ ਨਾਲ ਮਿਲ ਕੇ ਆਵਾਜ਼ ਉਠਾਉਣ ਦੀ ਗੱਲ ਕੀਤੀ
ਮੀਟਿੰਗ ਵਿਚ ਸ਼ਹੀਦ ਫ਼ੌਜੀਆਂ ਨੂੰ ਦਿਤੀ ਗਈ ਸ਼ਰਧਾਂਜਲੀ
ਚੰਡੀਗੜ੍ਹ, 25 ਅਕਤੂਬਰ (ਗੁਰਉਪਦੇਸ਼ ਭੁੱਲਰ): ਬੀ.ਐਸ. ਐਫ਼ ਦੇ ਮੁੱਦੇ ਨੂੰ ਲੈ ਕੇ ਅੱਜ ਮੁੰਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੱਦੀ ਸਰਬ ਪਾਰਟੀ ਮੀਟੰਗ ਵਿਚ ਭਾਵੇਂ ਕੇਂਦਰ ਵਿਰੁਧ ਸਾਂਝੇ ਸੰਘਰਸ਼ ਲਈ ਸਹਿਮਤੀ ਬਣ ਗਈ ਹੈ ਪਰ ਇਸ ਮੀਟਿੰਗ ਵਿਚ ਸ਼ਾਮਲ ਵੱਖ ਵੱਖ ਵਿਰੋਧੀ ਪਾਰਟੀਆਂ ਨੇ ਬਹਾਨੇ ਨਾਲ ਕਾਂਗਰਸ ਤੇ ਸੂਬਾ ਸਰਕਾਰ ਨੂੰ ਲੈ ਕੇ ਕੁੱਝ ਤਿੱਖੇ ਸਵਾਲ ਚੁੱਕਣ ਦਾ ਮੌਕਾ ਨਹੀਂ ਗੁਆਇਆ |
ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਵਿਧਾਇਕ ਅਮਨ ਅਰੋੜਾ, ਸ਼ੋ੍ਰਮਣੀ ਅਕਾਲੀ ਦਲ ਦੇ ਡਾ. ਦਲਜੀਤ ਸਿੰਘ ਚੀਮਾ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ (ਸੰਯੁਕਤ) ਦੇ ਸੁਖਦੇਵ ਸਿੰਘ ਢੀਂਡਸਾ, ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ, ਸੀ.ਪੀ.ਆਈ. ਦੇ ਬੰਤ ਬਰਾੜ ਆਦਿ ਦੇ ਨਾਂ ਜ਼ਿਕਰਯੋਗ ਹਨ | ਮੀਟਿੰਗ ਵਿਚ ਸੱਭ ਤੋਂ ਤਿੱਖੀ ਸੁਰ ਆਮ ਆਦਮੀ ਪਾਰਟੀ ਦੀ ਰਹੀ | ਭਗਵੰਤ ਮਾਨ ਨੇ ਮੁੱਖ ਮੰਤਰੀ 'ਤੇ ਹੀ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਖੁੰਢ ਚਰਚਾ ਚਲਦੀ ਹੈ ਬਿਨਾਂ ਕਿਸੇ ਗੱਲ ਦੇ ਨਹੀਂ | ਉਨ੍ਹਾਂ ਮੁੱਖ ਮੰਤਰੀ ਤੋਂ ਪੁਛਿਆ ਕਿ ਆਪ ਭੋਲੇਪਣ ਵਿਚ ਹੀ ਅਮਿਤ ਸ਼ਾਹ ਨਾਲ ਮੀਟਿੰਗ ਵਿਚ ਸਰਹੱਦ ਸੀਲ ਕਰ ਕੇ ਸੁਰੱਖਿਆ ਵਧਾਉਣ ਦੀ ਗੱਲ ਤਾਂ ਨਹੀਂ ਕਹਿ ਆਏ ਜਾਂ ਚਲ ਰਹੀਆਂ ਚਰਚਾਵਾਂ ਕਾਰਨ ਕੋੲ ਹੋਰ ਗੱਲ ਹੈ | ਇਹ ਤਾਂ ਲੋਕਾਂ ਨੂੰ ਜਵਾਬ ਦੇਣਾ ਹੀ ਪਵੇਗਾ |
ਉਨ੍ਹਾਂ ਸੂਬੇ ਦੇ ਗ੍ਰਹਿ ਮੰਤਰੀ ਨੂੰ ਵੀ ਸਵਾਲ ਕੀਤਾ ਕਿ ਆਪ ਬੀ.ਐਸ.ਐਫ਼ ਦਾ ਫ਼ੈਸਲਾ ਲਾਗੂ ਹੋਣ ਦੇ 10 ਦਿਨ ਬਾਅਦ ਦੇਰੀ ਨਾਲ ਕਿਉਂ ਸਰਬ ਪਾਰਟੀ ਮੀਟਿੰਗ ਸੱਦੀ ਹੈ | ਉਨ੍ਹਾਂ ਕਿਹਾ ਕਿ ਬੀ.ਐਸ.ਐਫ਼ ਐਕਟ ਵੀ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਪੀ. ਚਿਦਾਂਬਰਮ ਨੇ ਪਾਸ ਕਰਵਾਇਆ ਸੀ ਅਤੇ ਉਸ ਸਮੇਂ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਸੀ | ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਡਾ. ਦਲਜੀਤ ਸਿੰਘ ਚੀਮਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਚੰਨੀ ਦੀ ਭੂਮਿਕਾ ਨੂੰ ਲੈ ਕੇ ਬੀ.ਐਸ.ਐਫ਼ ਦੇ ਅਧਿਕਾਰ ਖੇਤਰ ਵਧਾਉਣ ਦੇ ਫ਼ੈਸਲੇ ਦੇ ਸਬੰਧ ਵਿਚ ਅਮਿਤ ਸ਼ਾਹ ਨਾਲ ਮੀਟਿੰਗ ਦੇ ਸੰਦਰਭ ਵਿਚ ਸਵਾਲ ਚੁਕੇ | ਉਨ੍ਹਾਂ ਕਾਂਗਰਸ ਸਰਕਾਰ ਸਮੇਂ ਪਾਸ ਏ.ਪੀ.ਐਮ.ਸੀ. ਐਕਟ ਰੱਦ ਕਰਨ ਦੀ ਵੀ ਮੰਗ ਰੱਖੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਸਬੰਧੀ ਲੋਕਾਂ ਦੇ ਮਨਾਂ ਵਿਚ ਪੈਦਾ ਸ਼ੰਕੇ ਜ਼ਰੂਰ ਦੂਰ ਕਰਨੇ ਚਾਹੀਦੇ ਹਨ | ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਬੀ.ਐਸ.ਐਫ਼ ਦੇ ਮੁੱਦੇ ਨਾਲ ਕਿਸਾਨਾਂ ਦਾ ਮੁੱਦਾ ਵੀ ਸੱਭ ਪਾਰਟੀਆਂ ਨੂੰ ਜ਼ੋਰਦਾਰ ਤਰੀਕੇ ਨਾਲ ਮਿਲ ਕੇ ਚੁਕਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਰਾਜਾਂ ਦੇ ਅਧਿਕਾਰਾਂ 'ਤੇ ਸਿੱਧੂ ਡਾਕਾ ਮਾਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ | ਜ਼ਿਕਰਯੋਗ ਹੈ ਕਿ ਸਰਬ ਪਾਰਟੀ ਮੀਟਿੰਗ 4 ਘੰਟੇ ਤੋਂ ਵੱਧ ਸਮਾਂ ਚਲੀ ਅਤੇ ਇਸ ਮੌਕੇ ਜੰਮੂ ਕਸ਼ਮੀਰ ਤੇ ਹੋਰ ਥਾਵਾਂ 'ਤੇ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ |