
ਪਾਰਟੀ ਅੰਦਰਲੀ ਸੰਭਾਵੀ ਬਗ਼ਾਵਤ ਤੋਂ ਡਰਿਆ ਅਕਾਲੀ ਦਲ, ਸੱਦੀ ਮੀਟਿੰਗ
ਮਲੇਰਕੋਟਲਾ, 25 ਅਕਤੂਬਰ (ਡਾ. ਮੁਹੰਮਦ ਸ਼ਹਿਬਾਜ਼) : ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ 3 ਦਿਨ ਪਹਿਲਾਂ (ਸ਼ੁਕਰਵਾਰ) ਨੂੰ ਹਲਕਾ ਮਲੇਰਕੋਟਲਾ ਤੋਂ ਐਲਾਨੇ ਪਾਰਟੀ ਉਮੀਦਵਾਰ ਮੁਹੰਮਦ ਯੂਨਸ ਬਖ਼ਸ਼ੀ ਦੀ ਪਾਰਟੀ ਅੰਦਰਲੀ ਸੰਭਾਵੀ ਬਗ਼ਾਵਤ ਨੂੰ ਦੇਖਦਿਆਂ ਪਾਰਟੀ ਵਲੋਂ ਉਮੀਦਵਾਰ ਦੇ ਨਾਂ ਤੇ ਮੁੜ ਵਿਚਾਰ ਕਰਨ ਦਾ ਫ਼ੈਸਲਾ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਸਥਾਨਕ ਅਕਾਲੀ ਆਗੂਆਂ ਵਲੋਂ ਉਠਾਏ ਸਵਾਲਾਂ ਤੋਂ ਬਾਅਦ ਅੱਜ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਐਲਾਨ ਕੀਤਾ ਕਿ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸ੍ਰੋਮਣੀ ਅਕਾਲੀ ਦਲ ਮਲੇਰਕੋਟਲਾ ਤੋਂ ਪਾਰਟੀ ਉਮੀਦਵਾਰ ਬਾਰੇ ਪੁਨਰ ਵਿਚਾਰ ਕਰਕੇ ਇਕ ਹਫਤੇ ਦੇ ਅੰਦਰ ਕਿਸੇ ਸਰਵ ਪ੍ਰਵਾਨਿਤ ਟਕਸਾਲੀ ਅਕਾਲੀ ਉਮੀਦਵਾਰ ਦਾ ਐਲਾਨ ਕਰ ਦੇਵੇਗਾ। ਐਡਵੋਕੇਟ ਝੂੰਦਾਂ ਅੱਜ ਪਾਰਟੀ ਉਮੀਦਵਾਰ ਬਾਰੇ ਉਠੇ ਵਿਵਾਦ ’ਤੇ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਅਕਾਲੀ ਆਗੂ ਤੇ ਹਕਲਾ ਇੰਚਾਰਜ ਮੁਹੰਮਦ ਉਵੈਸ ਦੀ ਫ਼ੈਕਟਰੀ ਸਟਾਰ ਇੰਪੈਕਟ ਵਿਖੇ ਮੀਟਿੰਗ ਨੂੰ ਸੰਬੋਧਨ ਕਰਨ ਲਈ ਖ਼ਾਸ ਤੌਰ ’ਤੇ ਪਹੁੰਚੇ ਸਨ। ਇਸ ਤੋਂ ਪਹਿਲਾਂ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਹੰਮਦ ਉਵੈਸ ਨੇ ਕਿਹਾ ਕਿ ਉਨ੍ਹਾਂ ਚੋਣ ਨਾ ਲੜਨ ਦਾ ਐਲਾਨ ਬਹੁਤ ਪਹਿਲਾਂ ਹੀ ਕਰ ਦਿਤਾ ਸੀ ਤੇ ਪਾਰਟੀ ਹਾਈਕਮਾਂਡ ਨੂੰ ਵੀ ਆਗਾਹ ਕਰ ਚੁਕੇ ਹਨ ਪ੍ਰੰਤੂ ਇਸ ਦੇ ਬਾਵਜੂਦ ਉਹ ਹਮੇਸ਼ਾ ਪਾਰਟੀ ਵਰਕਰਾਂ ਨਾਲ ਡਟੇ ਰਹੇ ਹਨ।
ਫੋਟੋ ਫਾਈਲ : 25-21
ਕੈਪਸਨ : ਮਲੇਰਕੋਟਲਾ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਝੂੰਦਾਂ। ਫ਼ੋਟੋ ਸ਼ਹਿਬਾਜ਼