
ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨਾ ਪ੍ਰਮੁੱਖ ਤਰਜੀਹ ਰਹੇਗੀ- ਕੁਸ਼ਲਦੀਪ ਸਿੰਘ ਢਿੱਲੋਂ
ਚੰਡੀਗੜ੍ਹ - ਕੁਸ਼ਲਦੀਪ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਵਿਚ ਮਾਰਕਫੈਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੀ ਹਾਜ਼ਰ ਸਨ।
Kushaldeep Dhillon took over as the Chairman of Markfed
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵੇਂ ਬਣੇ ਚੇਅਰਮੈਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ. ਢਿੱਲੋਂ ਦੀ ਅਗਵਾਈ ਵਿੱਚ ਮਾਰਕਫੈਡ ਅਦਾਰਾ ਹੋਰ ਵੀ ਪੁਲਾਂਘਾ ਪੁੱਟੇਗਾ। ਉਨ੍ਹਾਂ ਕਿਹਾ ਕਿ ਸਹਿਕਾਰੀ ਅਦਾਰਾ ਸਿੱਧੇ ਤੌਰ ਉਤੇ ਲੋਕਾਂ ਖਾਸ ਕਰਕੇ ਕਿਸਾਨਾਂ ਅਤੇ ਪੇਂਡੂ ਜੀਵਨ ਦੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਮਜ਼ਬੂਤੀ ਨਾਲ ਸੂਬਾ ਹੋਰ ਖੁਸ਼ਹਾਲ ਹੋਵੇਗਾ।
Kushaldeep Dhillon took over as the Chairman of Markfed
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਸਹਿਕਾਰਤਾ ਵਿਭਾਗ ਵੀ ਹਨ, ਨੇ ਕਿਹਾ ਕਿ ਸ. ਢਿੱਲੋਂ ਆਪਣੀ ਮਿਹਨਤ, ਕਾਰਜਕੁਸ਼ਲਤਾ ਤੇ ਦੂਰਅੰਦੇਸ਼ੀ ਸੋਚ ਨਾਲ ਮਾਰਕਫੈਡ ਨੂੰ ਹੋਰ ਵੀ ਅੱਗੇ ਲੈ ਕੇ ਜਾਣਗੇ। ਕੋਵਿਡ ਦੇ ਔਖੇ ਸਮੇਂ ਵਿੱਚ ਮਾਰਕਫੈਡ ਨੇ ਲੋਕਾਂ ਨੂੰ ਘਰਾਂ ਤੱਕ ਸੇਵਾਵਾਂ ਪਹੁੰਚਾਣ ਵਿੱਚ ਮੋਹਰੀ ਰੋਲ ਨਿਭਾਇਆ। ਸ. ਰੰਧਾਵਾ ਨੇ ਕਿਹਾ ਕਿ ਮਾਰਕਫੈਡ ਦੇ ਉਤਪਾਦ ਆਪਣੇ ਉਚ ਮਿਆਰਾਂ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਦੀ ਮਾਰਕੀਟ ਬਾਹਰਲੇ ਮੁਲਕਾਂ ਤੱਕ ਵੀ ਹੈ। ਉਨ੍ਹਾਂ ਨਵੇਂ ਬਣੇ ਚੇਅਰਮੈਨ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Kushaldeep Dhillon took over as the Chairman of Markfed
ਕੁਸ਼ਲਦੀਪ ਸਿੰਘ ਢਿੱਲੋਂ ਨੇ ਪਾਰਟੀ, ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ ਦੀ ਸੇਵਾ ਨਿਭਾਉਣਾ ਦਾ ਮੌਕਾ ਮਿਲਿਆ ਹੈ। ਸ. ਢਿੱਲੋਂ ਨੇ ਕਿਹਾ ਕਿ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਰਹੇਗੀ। ਇਸ ਤੋਂ ਪਹਿਲਾਂ ਮਾਰਕਫੈਡ ਦੇ ਐਮ.ਡੀ. ਅਤੇ ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ ਨੇ ਨਵੇਂ ਬਣੇ ਚੇਅਰਮੈਨ ਦਾ ਦਫਤਰ ਵਿਖੇ ਪਹੁੰਚਣ ਉਤੇ ਸਵਾਗਤ ਕੀਤਾ।
Kushaldeep Dhillon took over as the Chairman of Markfed
ਸ. ਢਿੱਲੋਂ ਨੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਤੇ ਹੋਰਨਾਂ ਮੰਤਰੀਆਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਣ ਦੇ ਕਾਗਜ਼ਾਂ ਉਤੇ ਦਸਤਖਤ ਕੀਤੇ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੁਸ਼ਲਦੀਪ ਸਿੰਘ ਢਿੱਲੋਂ ਦੇ ਭਰਾ ਜੇਸਨਪ੍ਰੀਤ ਸਿੰਘ ਢਿੱਲੋਂ, ਪੰਜਾਬ ਸਟੇਟ ਕਮਿਸ਼ਨ ਫਾਰ ਐਨ.ਆਰ.ਆਈਜ਼ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਨਵਦੀਪ ਸਿੰਘ ਬੱਬੂ ਬਰਾੜ, ਦੀਪਿੰਦਰ ਸਿੰਘ ਢਿੱਲੋਂ, ਹਰਦਿਆਲ ਸਿੰਘ ਹੈਰੀ ਮਾਨ, ਵਿੱਤ ਕਮਿਸ਼ਨਰ ਸਹਿਕਾਰਤਾ ਕੇ. ਸਿਵਾ ਪ੍ਰਸਾਦ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ. ਰਾਜੇਸ਼ ਧੀਮਾਨ, ਮਾਰਕਫੈਡ ਦੇ ਏ.ਐਮ.ਡੀ. ਅਮਿਤ ਤਲਵਾੜ ਵੀ ਹਾਜ਼ਰ ਸਨ।