
ਪੰਜਾਬ ’ਚ ਗੁਆਂਢੀ ਸੂਬਿਆਂ ਨਾਲੋ ਪਟਰੌਲ-ਡੀਜ਼ਲ ’ਤੇ ਲੱਗ ਰਿਹੈ ਜ਼ਿਆਦਾ ਵੈਟ
ਮੰਗਾਂ ਪੂਰੀਆਂ ਨਾ ਹੋਣ ’ਤੇ 22 ਨਵੰਬਰ ਨੂੰ ਪਟਰੌਲ ਪੰਪ ਬੰਦ ਕਰਨ ਦਾ ਐਲਾਨ
ਚੰਡੀਗੜ੍ਹ, 25 ਅਕਤੂਬਰ (ਅੰਕੁਰ ਤਾਂਗੜੀ): ਪੰਜਾਬ ਪਟਰੌਲ ਪੰਪ ਡੀਲਰਾਂ ਨੂੰ ਗੁਆਂਢੀ ਰਾਜਾਂ ਅਤੇ ਯੂਟੀ ਦੀ ਤੁਲਨਾ ਵਿਚ ਪਟਰੌਲ ਅਤੇ ਡੀਜ਼ਲ ’ਤੇ ਜ਼ਿਆਦਾ ਵੈਟ ਕਾਰਨ ਨੁਕਸਾਨ ਹੋ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਪਟਰੌਲੀਅਮ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ।
ਉਨ੍ਹਾਂ ਕਿਹਾ ਕਿ ਰਾਜ ਦੇ ਸੂਬਾ ਅਧਿਕਾਰਤ ਤੇਲ ਕੰਪਨੀਆਂ ਨੇ (ਓਐਮਸੀ) ਡੀਲਰਾਂ ’ਤੇ ਅਪਣਾ ਖ਼ਰਚਾ ਉਤਾਰ ਦਿਤਾ ਅਤੇ ਸਪਲਾਈ ਬੰਦ ਕਰ ਦਿਤੀ ਹੈ ਜਿਸ ਨਾਲ ਡੀਲਰ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਹਨ। ਦੋਆਬਾ ਨੇ ਅੱਗੇ ਕਿਹਾ ਕਿ ਮਾਰਜਨ ਸੋਧ ਅਤੇ ਉੱਚ ਬਾਲਣ ਦੀਆਂ ਕੀਮਤਾਂ ਵਿਚ ਪੰਜਾਬ ਦੇ ਡੀਲਰ 7 ਨਵੰਬਰ ਤੋਂ 15 ਦਿਨਾਂ ਲਈ ਅਪਣੇ ਕੰਮ ਦੇ ਸਮੇਂ ਨੂੰ ਸਵੇਰੇ 7 ਵਜੇ ਤੋਂ ਸ਼ਾਮੀ 5 ਵਜੇ ਸਿਰਫ਼ ਸਿੰਗਲ ਸ਼ਿਫਟ ਤਕ ਸੀਮਤ ਕਰਨ ਜਾ ਰਹੇ ਹਨ ਤਾਕਿ ਖ਼ਰਚਿਆਂ ਵਿਚ ਕਟੌਤੀ ਕਰ ਕੇ ਨੁਕਸਾਨ ਨੂੰ ਪੂਰਿਆ ਜਾ ਸਕੇ। ਇਸ ਦੌਰਾਨ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਪੰਜਾਬ ਦੇ ਡੀਲਰ 22 ਨਵੰਬਰ ਨੂੰ ਅਪਣੇ ਪੰਪ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਦੋਸ਼ਪੂਰਨ ਅਤੇ ਕਲਤ ਫਿਊਲ ਨੀਤੀਆਂ ਕਾਰਨ ਪੰਜਾਬ ਪਟਰੌਲ ਸਟੇਸ਼ਨ ਡੀਲਰਾਂ ਨੂੰ ਲੰਮੇ ਸਮੇਂ ਤੋਂ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕਦਮ ਚੁਕਣੇ ਚਾਹੀਦੇ ਹਨ।
ਮਨਜੀਤ ਸਿੰਘ ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਦੇ 8 ਸੀਮਾਵਰਤੀ ਜ਼ਿਲ੍ਹਿਆਂ ਦੇ ਲਗਭਗ 800 ਡੀਲਰ ਵਿਕਰੀ ਵਿਚ 70 ਪ੍ਰਤੀਸ਼ਤ ਦੀ ਗਿਰਾਵਟ ਕਾਰਨ ਬਹੁਤ ਜ਼ਿਆਦਾ ਨੁਕਸਾਨ ਵਿਚ ਹਨ, ਜਦੋਂ ਕਿ ਮਾਰਜਿਨ ਵਿਚ ਅਗੱਸਤ 2017 ਵਿਚ ਪਿਛਲੀ ਸੋਧ ਦੇ ਬਾਅਦ ਵਾਧਾ ਨਾ ਹੋਣ ਨਾਲ ਉਹ ਉੱਚ ਬਾਲਣ ਦੀਆਂ ਕੀਮਤਾਂ ਕਾਰਨ ਸਾਰਿਆਂ ਨੂੰ ਹੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਵਿਚ ਬਾਇਉ ਡੀਜ਼ਲ ਦੀ ਸਮਗਲਿੰਗ ਨੂੰ ਨੱਥ ਪਾਉਣ ਦੀ ਵੀ ਸਰਕਾਰ ਕੋਲੋਂ ਮੰਗ ਕੀਤੀ ਹੈ। ਉਨ੍ਹਾਂ ਅੱਗੇ ਦਸਿਆ ਕਿ ਉਨ੍ਹਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲ ਕੇ ਅਪਣੀਆਂ ਸਮੱਸਿਆਵਾਂ ਸਿੱਧੀਆਂ ਉਨ੍ਹਾਂ ਤਕ ਪਹੁੰਚਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।