
ਕਿਸਾਨੀ ਅੰਦੋਲਨ 'ਚ ਲੰਗਰ ਲਗਾਉਣ ਕਰ ਕੇ ਸੁਰਜੀਤ ਸਿੰਘ ਰੱਖੜਾ ਦੇ ਭਰਾ ਨੂੰ ਏਅਰਪੋਰਟ ਤੋਂ ਭੇਜਿਆ ਵਾਪਸ
ਨਵੀਂ ਦਿੱਲੀ, 25 ਅਕਤੂਬਰ : ਕਿਸਾਨੀ ਅੰਦੋਲਨ ਪਿਛਲੇ 11 ਮਹੀਨਿਆਂ ਤੋਂ ਚਲ ਰਿਹਾ ਹੈ ਤੇ ਇਸ ਅੰਦੋਲਨ ਵਿਚ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਸਰਕਾਰ ਵਲੋਂ ਬਖ਼ਸ਼ਿਆ ਨਹੀਂ ਜਾ ਰਿਹਾ | ਦਰਅਸਲ ਇਕ ਐਨਆਰਆਈ ਨੂੰ ਪੰਜਾਬ ਨਹੀਂ ਆਉਣ ਦਿਤਾ ਗਿਆ ਜੋ ਕਿ ਅਪਣੀ ਬੇਟੀ ਦੇ ਵਿਆਹ ਲਈ ਕੈਨੇਡਾ ਤੋਂ ਪੰਜਾਬ ਆ ਰਹੇ ਸੀ | ਉਨ੍ਹਾਂ ਨੂੰ ਦਿੱਲੀ ਦੇ ਏਅਰਪੋਰਟ 'ਤੇ ਹੀ ਰੋਕ ਦਿਤਾ ਗਿਆ | ਇਹ ਐਨਆਰਆਈ ਸਾਬਕਾ ਕੈਬਿਨਟ ਮੰਤਰੀ ਤੇ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਦੇ ਭਰਾ ਦਰਸ਼ਨ ਧਾਲੀਵਾਲ ਨੇ, ਜਿਨ੍ਹਾਂ ਨੂੰ ਪੰਜਾਬ ਆਉਣ ਤੋਂ ਰੋਕ ਦਿਤਾ ਗਿਆ ਹੈ ਤੇ ਵਾਪਸ ਉਸੇ ਫ਼ਲਾਈਟ ਰਾਹੀਂ ਕੈਨੇਡਾ ਭੇਜ ਦਿਤਾ ਗਿਆ ਹੈ |
ਦਰਅਸਲ ਦਰਸ਼ਨ ਧਾਲੀਵਾਲ ਦੀ ਬੇਟੀ ਦਾ 31 ਅਕਤੂਬਰ ਨੂੰ ਵਿਆਹ ਹੈ ਜਿਸ ਕਰ ਕੇ ਉਹ ਪੰਜਾਬ ਆ ਰਹੇ ਸਨ | ਉਨ੍ਹਾਂ ਨੂੰ ਵਾਪਸ ਭੇਜਣ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਕਿਸਾਨ ਅੰਦੋਲਨ ਵਿਚ ਲੰਗਰ ਦੀ ਸੇਵਾ ਕੀਤੀ ਸੀ | ਇਸ ਮੌਕੇ ਦਰਸ਼ਨ ਧਾਲੀਵਾਲ ਨੂੰ ਕਿਹਾ ਗਿਆ ਕਿ ਪਹਿਲਾਂ ਕਿਸਾਨ ਅੰਦੋਲਨ ਵਿਚ ਲੰਗਰ ਲਗਾਉਣਾ ਬੰਦ ਕਰ ਦਿਉ, ਸੇਵਾ ਕਰਨੀ ਬੰਦ ਕਰ ਦਿਉ, ਫਿਰ ਤੁਹਾਨੂੰ ਪੰਜਾਬ ਜਾਣ ਦਿਤਾ ਜਾਵੇਗਾ ਪਰ ਦਰਸ਼ਨ ਧਾਲੀਵਾਲ ਨੇ ਅਪਣੀ ਸੇਵਾ ਬੰਦ ਕਰਨ ਤੋਂ ਇਨਕਾਰ ਕਰ ਦਿਤਾ | ਇਸ ਤੋਂ ਬਾਅਦ ਉਨ੍ਹਾਂ ਨੂੰ ਉਸੇ ਫ਼ਲਾਈਟ ਤੋਂ ਵਾਪਸ ਭੇਜ ਦਿਤਾ ਗਿਆ | ਇਸ ਮਾਮਲੇ ਸਬੰਧੀ ਅਕਾਲੀ ਆਗੂ ਰੱਖੜਾ ਦਾ ਕਹਿਣਾ
ਹੈ ਕਿ ਧਾਲੀਵਾਲ ਨੂੰ 50 ਸਾਲ ਹੋ ਗਏ ਨੇ ਵਿਦੇਸ਼ ਵਿਚ ਰਹਿੰਦਿਆਂ ਤੇ ਉਹ ਕਿੰਨੀ ਵਾਰ ਪੰਜਾਬ ਆ ਚੁਕੇ ਨੇ ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਉਨ੍ਹਾਂ ਨੂੰ ਅੰਦੋਲਨ ਵਿਚ ਸੇਵਾ ਕਰਨ ਕਰ ਕੇ ਪੰਜਾਬ ਆਉਣ ਤੋਂ ਰੋਕਿਆ ਗਿਆ ਹੈ | (ਏਜੰਸੀ)