
ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ।
ਖਾਲੜਾ- ਯੂ.ਬੀ.ਡੀ.ਸੀ ਡੀਫੈਸ ਡਰੇਨ ’ਤੇ ਕੰਮ ਕਰ ਰਹੇ ਮਜ਼ਦੂਰਾਂ ਨਾਲ ਅਚਾਨਕ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਮਜ਼ਦੂਰਾ ’ਤੇ ਕੰਮ ਕਰਦੇ ਸਮੇਂ ਮਿੱਟੀ ਡਿੱਗਣ ਨਾਲ 4 ਜ਼ਖ਼ਮੀ ਹੋ ਗਏ ਅਤੇ 1 ਮਜ਼ਦੂਰ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।
ਮਿਲੀ ਜਾਣਕਾਰੀ ਅਨੁਸਾਰ ਯੂ.ਬੀ.ਡੀ.ਸੀ ਡੀਫੈਸ ਡਰੇਨ ਕਲਸੀਆਂ ਖੁਰਦ ਵਿਖੇ ਗ੍ਰਿਫ ਮਹਿਕਮੇ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੌਰਾਨ ਮਿੱਟੀ ਦੀ ਢਿੱਗ ਮਜ਼ਦੂਰਾਂ ’ਤੇ ਡਿੱਗ ਗਈ ਜਿਸ ਕਾਰਨ 5 ਮਜ਼ਦੂਰ ਮਿੱਟੀ ਹੇਠਾਂ ਦੱਬ ਗਏ। ਚਾਰ ਮਜ਼ਦੂਰਾਂ ਨੂੰ ਸਮਾਂ ਰਹਿੰਦਿਆਂ ਮਿੱਟੀ ਵਿੱਚੋਂ ਬਾਹਰ ਕੱਢ ਲਿਆ ਗਿਆ, ਜਿਨ੍ਹਾਂ ਨੂੰ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੇਸ ਦੇਈਏ ਕਿ ਚਾਨਣ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਡੱਲ ਨੂੰ ਕਾਫ਼ੀ ਮੁਸ਼ੱਕਤ ਕਰਨ ਤੋਂ ਬਾਅਦ ਬਾਹਰ ਕੱਢਿਆ ਗਿਆ। ਉਕਤ ਮਜ਼ਦੂਰ ਨੂੰ ਜਦੋਂ ਖਾਲੜਾ ਦੇ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਰੋਜ਼ਾਨਾਂ ਦੀ ਤਰਾਂ ਡਰੇਨ ਵਿੱਚ ਕੰਮ ਚੱਲ ਰਿਹਾ ਸੀ। ਇਸ ਦੌਰਾਨ 22 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਮਿੱਟੀ ਡਿੱਗ ਜਾਣ ਨਾਲ 5 ਮਜ਼ਦੂਰ ਮਿੱਟੀ ਦੇ ਹੇਠਾਂ ਆ ਗਏ, ਜਿਨਾ ਨੂੰ ਮੁਸ਼ਕਲ ਨਾਲ ਮਿੱਟੀ ਵਿੱਚੋਂ ਬਾਹਰ ਕੱਢਿਆ ਗਿਆ। ਮਜ਼ਦੂਰ ਚਾਨਣ ਸਿੰਘ ਦੀ ਜ਼ਿਆਦਾ ਦੇਰ ਮਿੱਟੀ ਵਿੱਚ ਰਹਿਣ ਕਾਰਨ ਮੌਤ ਹੋ ਗਈ।
ਮ੍ਰਿਤਕ ਮਜ਼ਦੂਰ ਪਿੰਡ ਡੱਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਹੈ, ਜੋ ਬੇਹੱਦ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ। ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ।
ਇਸ ਸਬੰਧੀ ਥਾਣਾ ਖਾਲੜਾ ਦੇ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਧਾਰਾ 174 ਸੀ.ਆਰ.ਪੀ.ਸੀ ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਲਈ ਭੇਜਿਆ ਗਿਆ ਹੈ।