
ਪ੍ਰੇਸ਼ਾਨੀ ਕਾਰਨ ਨਹਿਰ ਵਿਚ ਛਾਲ ਮਾਰ ਕੇ ਗੁਲਾਬ ਸਿੰਘ ਨੇ ਦਿੱਤੀ ਜਾਨ
ਧਨੌਲਾ : ਇਥੋਂ ਦੇ ਇੱਕ ਟਰੱਕ ਡਰਾਈਵਰ ਨੇ ਹਰੀਗੜ੍ਹ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨਾਂ ਤੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸੀ। ਮ੍ਰਿਤਕ ਦੀ ਪਛਾਣ ਗੁਲਾਬ ਸਿੰਘ (50) ਵਜੋਂ ਹੋਈ ਹੈ।
ਗੁਲਾਬ ਸਿੰਘ ਨੇ ਸਵੇਰੇ ਕਰੀਬ 10 ਵਜੇ ਨਹਿਰ ਵਿਚ ਛਾਲ ਮਾਰ ਦਿਤੀ। ਜਿਵੇਂ ਹੀ ਆਸ-ਪਾਸ ਦੇ ਲੋਕਾਂ ਦੇਖਿਆ ਤਾਂ ਗੁਲਾਬ ਸਿੰਘ ਨੂੰ ਨਹਿਰ ਵਿਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਗੁਲਾਬ ਸਿੰਘ ਦੀ ਬੇਟੀ ਨਵਨੀਤ ਕੌਰ ਸਰਕਾਰੀ ਸਕੂਲ (ਲੜਕੀਆਂ) ਵਿਚ ਨੌਵੀਂ ਜਮਾਤ ਵਿਚ ਪੜ੍ਹਦੀ ਹੈ। ਉਹ ਕਿੱਕ ਬਾਕਸਿੰਗ ਦੀ ਉਭਰਦੀ ਖਿਡਾਰਨ ਹੈ ਅਤੇ ਸਕੂਲ ਪੱਧਰ ਦੀਆਂ ਖੇਡਾਂ ਵਿਚ ਸੋਨ ਤਮਗ਼ਾ ਜਿੱਤ ਚੁੱਕੀ ਹੈ।
ਉਸ ਦਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਨਮਾਨ ਵੀ ਕੀਤਾ ਗਿਆ ਸੀ। ਉਸ ਸਮੇਂ ਖਿਡਾਰਨ ਦੇ ਪਿਤਾ ਗੁਲਾਬ ਸਿੰਘ ਵੀ ਉਸ ਦੇ ਨਾਲ ਹੀ ਸਨ। ਧੀ ਦੇ ਸਨਮਾਨ ਮੌਕੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਸੀ ਕਿ ਉਹ ਆਰਥਿਕ ਤੌਰ 'ਤੇ ਬਹੁਤ ਤੰਗ ਹੈ ਅਤੇ ਆਪਣੀ ਧੀ ਲਈ ਖੇਡਾਂ ਅਤੇ ਪਾਲਣ ਪੋਸ਼ਣ ਲਈ ਸਰਕਾਰ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ।