
ਟਰਾਲੀਆਂ ਨੂੰ 'ਘਰ ਬਣਾ' ਦਿੱਲੀ ਵੱਲ ਵਧ ਰਹੇ ਕਿਸਾਨਾਂ ਦੀ ਸਰਕਾਰਾਂ ਨੂੰ ਚਿਤਾਵਨੀ
ਲਾਲੜੂ : ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨੂੰ ਠੱਲ੍ਹਣ ਦੀਆਂ ਹਰਿਆਣਾ ਪੁਲਿਸ ਪ੍ਰਸ਼ਾਸਨ ਦੀਆਂ ਸਾਰੀਆਂ ਤਿਆਰੀਆਂ ਕਿਸਾਨੀ ਰੌਂਅ ਅੱਗੇ ਧਰੀਆਂ-ਧਰਾਈਆਂ ਰਹਿ ਗਈਆਂ ਹਨ। ਪੰਜਾਬ ਨੂੰ ਹਰਿਆਣਾ ਨਾਲ ਜੋੜਦੀਆਂ ਹੱਦਾਂ ’ਤੇ ਕੀਤੀਆਂ ਗਈਆਂ ਜ਼ਬਰਦਸਤ ਰੋਕਾਂ ਕਿਸਾਨੀ ਰੌਅ ਸਾਹਮਣੇ ਬੌਣੀਆਂ ਦਿਖਾਈ ਦੇ ਰਹੀਆਂ ਹਨ। ਸਪੋਕਸਮੈਨ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਨਿਮਰਤ ਕੌਰ ਵਲੋਂ ਅੰਬਾਲਾ ਬਾਰਡਰ ’ਤੇ ਪਹੁੰਚ ਕੇ ਹਾਲਾਤਾਂ ਦੇ ਜਾਇਜ਼ਾ ਲਿਆ। ਇਸ ਮੌਕੇ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਰੋਕਣ ਲਈ ਕੀਤੇ ਲਾਮਿਸਾਲ ਪ੍ਰਬੰਧਾਂ ਸਬੰਧੀ ਪੁਛੇ ਸਵਾਲਾਂ ਨੂੰ ਟਾਲਦੇ ਵਿਖਾਈ ਦਿਤੇ। ਪੁਲਿਸ ਅਧਿਕਾਰੀਆਂ ਮੁਤਾਬਕ ਇਹ ਪ੍ਰਬੰਧ ਕਿਸਾਨਾਂ ਨੂੰ ਰੋਕਣ ਲਈ ਨਹੀਂ ਬਲਕਿ ਕਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਕੀਤੇ ਗਏ ਹਨ।
Farmers Delhi March
ਡਿਊਟੀ ’ਤੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਜਦੋਂ ਮਾਸਕ ਨਾ ਪਹਿਨਣ ਸਬੰਧੀ ਪੁਛਿਆ ਗਿਆ ਤਾਂ ਉਹ ਜਵਾਬ ਤੋਂ ਪਾਸਾ ਵੱਟਦੇ ਵਿਖਾਈ ਦਿਤੇ। ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਉਹ ਹਰ ਹਾਲਤ ਵਿਚ ਦਿੱਲੀ ਪਹੁੰਚਣਗੇ। ਕਿਸਾਨਾਂ ਵਿਚ ਸ਼ਾਮਲ ਵੱਡੀ ਗਿਣਤੀ ਨੌਜਵਾਨਾਂ ਨੇ ਪੁਲਿਸ ਬੈਰੀਕੇਟ ਅਤੇ ਭਾਰੀ-ਭਰਕਮ ਪੱਥਰਾਂ ਨੂੰ ਹੱਥਾਂ ਨਾਲ ਪਾਸੇ ਹਟਾਉਣਾ ਸ਼ੁਰੂ ਕਰ ਦਿਤਾ, ਜਿਨ੍ਹਾਂ ਦਾ ਪੁਲਿਸ ਨੇ ਜਲ-ਤਾਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਸਵਾਗਤ ਕੀਤਾ। ਪੁਲਿਸ ਦੇ ਇਸ ਵਤੀਰੇ ਖਿਲਾਫ਼ ਗੁੱਸਾ ਜ਼ਾਹਰ ਕਰਦਿਆਂ ਧਰਨੇ ਵਿਚ ਸ਼ਾਮਲ ਬਜ਼ੁਰਗਾਂ ਨੇ ਕਿਹਾ ਕਿ ਪੰਜਾਬ ਦੇ ਛੋਟੇ ਭਰਾ ਹਰਿਆਣਾ ਦੇ ਸਵਾਗਤ ਨੇ ਉਨ੍ਹਾਂ ਨੂੰ ਦੇਸ਼ ਵੰਡ ਸਮੇਂ ਦੀ ਯਾਦ ਤਾਜ਼ਾ ਕਰਵਾ ਦਿਤੀ ਹੈ।
Farmers Delhi March
ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਨੂੰ ਇਕ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਵੀ ਦੋਵਾਂ ਸੂਬਿਆਂ ਅੰਦਰ ਹਨ ਪਰ ਹਰਿਆਣਾ ਪੁਲਿਸ ਵਲੋਂ ਕਰੋਨਾ ਦਾ ਬਹਾਨਾ ਲਾ ਕੇ ਲਾਈਆਂ ਰੋਕਾਂ ਕਾਰਨ ਉਨ੍ਹਾਂ ਨੂੰ ਬਹੁਤ ਦੁਖ ਪਹੁੰਚਿਆ ਹੈ। ਪ੍ਰਧਾਨ ਮੰਤਰੀ ਮੋਦੀ ਦਾ ਨਾਮ ਲੈ ਕੇ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰਾਂ ਦੇ ਕਿਸੇ ਵੀ ਜ਼ਬਰ ਸਾਹਮਣੇ ਝੁਕਣ ਵਾਲੇ ਨਹੀਂ ਤੇ ਉਹ ਹਰ ਔਕੜਾਂ ਅਤੇ ਬੰਦਿਸ਼ਾਂ ਨੂੰ ਪਾਰ ਕਰਦਿਆਂ ਹਰ ਹਾਲ ਦਿੱਲੀ ਜਾਣਗੇ ਅਤੇ ਕੇਂਦਰ ਸਰਕਾਰ ਨੂੰ ਕਾਲੇ ਖੇਤੀ ਕਾਨੂੰਨ ਵਾਪਸ ਕਰਨ ਲਈ ਮਜ਼ਬੂਰ ਕਰ ਦੇਣਗੇ।
Farmers Delhi March
ਟਰਾਲੀਆਂ ਨੂੰ ਘਰਾਂ ਦੇ ਰੂਪ ਦੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੇ ਗੱਲਬਾਤ ਦੌਰਾਨ ਦਸਿਆ ਕਿ ਉਨ੍ਹਾਂ ਨੂੰ ਹਰ ਵਰਗ ਦਾ ਸਾਥ ਹਾਸਲ ਹੈ। ਆੜ੍ਹਤੀਆਂ ਤੋਂ ਲੈ ਕੇ ਹਰ ਵਰਗ ਵਲੋਂ ਉਨ੍ਹਾਂ ਨੂੰ ਉਗਰਾਹੀ ਕਰ ਕੇ ਫ਼ੰਡ ਪਹੁੰਚਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਹਰ ਪਿੰਡ ਵਿਚੋਂ 2 ਤੋਂ ਢਾਈ ਤਿੰਨ ਲੱਖ ਤਕ ਇਕੱਠੇ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਦੇ ਗੁਰਦੁਆਰਿਆਂ ’ਚ ਰਸਦ ਸਮੇਤ ਦੂਜੀਆਂ ਜ਼ਰੂਰੀ ਵਸਤਾਂ ਦੇ ਅੰਬਾਰ ਲੱਗੇ ਪਏ ਹਨ।
Farmers Delhi March
ਕਿਸਾਨਾਂ ਮੁਤਾਬਕ ਦਿੱਲੀ ਵੱਲ ਜਾਣ ਲਈ ਹਰ ਪਰਵਾਰ ਵਿਚੋਂ ਇਕ ਮੈਂਬਰ ਜਾ ਰਿਹਾ ਹੈ। ਦਿੱਲੀ ਵਿਚ ਧਰਨਾ ਲੰਮਾ ਖਿੱਚਣ ਦੀ ਸੂਰਤ ’ਚ ਉਨ੍ਹਾਂ ਦੇ ਪਰਵਾਰਾਂ ਦੇ ਬਾਕੀ ਮੈਂਬਰ ਵੀ ਵਾਰੀ ਸਿਰ ਧਰਨੇ ’ਚ ਸ਼ਾਮਲ ਹੋਣ ਲਈ ਆਉਣਗੇ। ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਲਈ ਪੂਰੀ ਤਰ੍ਹਾਂ ਤਿਆਰ ਹਨ। ਗੁਰੂਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਅਪਣੇ ਹੱਕਾਂ ਲਈ ਲੜਨ ਦਾ ਗੁਰ ਖੁਦ ਕੁਰਬਾਨੀਆਂ ਦੇ ਕੇ ਸਿਖਾਇਆ ਹੈ। ਇਸ ਲਈ ਉਹ ਅਪਣਾ ਹੱਕ ਲਏ ਬਿਨਾਂ ਦਿੱਲੀ ਤੋਂ ਵਾਪਸ ਨਹੀਂ ਪਰਤਣਗੇ।
Farmers Delhi March
ਭਾਜਪਾ ਵਲੋਂ ਪੰਜਾਬ ਜਿੱਤਣ ਦੇ ਕੀਤੇ ਜਾ ਰਹੇ ਦਾਅਵਿਆਂ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਕਿਸਾਨਾਂ ਨੇ ਇਕ ਸੁਰ ਹੋ ਕੇ ਕਿਹਾ ਕਿ ਭਾਜਪਾ ਪੰਜਾਬ ਤਾਂ ਕੀ ਹਰਿਆਣਾ ਵਿਚੋਂ ਵੀ ਭਾਜਪਾ ਦਾ ਬਿਸਤਰਾ ਗੋਲ ਕਰਵਾ ਕੇ ਰਹਿਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਿਸ਼ਤੇਦਾਰ ਤੇ ਹੋਰ ਸਕੇ-ਸਬੰਧੀ ਵੱਡੀ ਗਿਣਤੀ ’ਚ ਹਰਿਆਣਾ ਵਿਚ ਰਹਿੰਦੇ ਹਨ। ਇਸ ਲਈ ਭਾਜਪਾ ਨੂੰ ਪੰਜਾਬ ਤਾਂ ਕੀ, ਹਰਿਆਣਾ ਵਿਚੋਂ ਵੀ ਭੱਜਦਿਆਂ ਰਾਹ ਨਹੀਂ ਲੱਭਣਾ। ਕਿਸਾਨਾਂ ਨੂੰ ਬਾਹਰ ਤੋਂ ਮਿਲਦੇ ਫ਼ੰਡਾਂ ਸਬੰਧੀ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਹਰੋਂ ਕਿਧਰੋਂ ਵੀ ਫ਼ੰਡ ਨਹੀਂ ਆਇਆ, ਉਨ੍ਹਾਂ ਨੂੰ ਸਾਰਾ ਫ਼ੰਡ ਕਿਸਾਨ ਭਾਈਚਾਰੇ ਜਾਂ ਕਿਸਾਨੀ ਨਾਲ ਜੁੜੀਆਂ ਦੂਜੀਆਂ ਧਿਰਾਂ ਪਾਸੋਂ ਪ੍ਰਾਪਤ ਹੋ ਰਿਹਾ ਹੈ।
https://www.facebook.com/watch/live/?v=660712147926832