
ਸ਼ਕਤੀ ਦੀ ਸਹੀ ਵਰਤੋਂ ਦੀ ਉਦਾਹਰਣ ਹੈ ਰਾਏਬਰੇਲੀ ਰੇਲ ਕੋਚ ਫ਼ੈਕਟਰੀ: ਮੋਦੀ
ਲਖਨਊ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਵਿਚ ਕੀਤਾ ਸੰਬੋਧਨ
ਲਖਨਊ, 25 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਰਾਏਬਰੇਲੀ ਰੇਲ ਕੋਚ ਫ਼ੈਕਟਰੀ ਸ਼ਕਤੀ ਦੀ ਸਹੀ ਵਰਤੋਂ ਦੀ ਇਕ ਚੰਗੀ ਉਦਾਹਰਣ ਹੈ। ਇਥੇ ਕਈ ਸਾਲ ਪਹਿਲਾਂ ਨਿਵੇਸ਼ ਹੋਇਆ ਅਤੇ ਵੱਡੇ ਐਲਾਨ ਹੋਏ ਸਨ ਪਰ ਪਹਿਲਾ ਕੋਚ ਬਣ ਕੇ 2014 ਤੋਂ ਬਾਅਦ ਤਿਆਰ ਹੋਇਆ ਸੀ।
ਪ੍ਰਧਾਨ ਮੰਤਰੀ ਨੇ ਇਹ ਗੱਲਾਂ ਵੀਡੀਉ ਕਾਨਫ਼ਰੰਸ ਰਾਹੀਂ ਲਖਨਊ ਯੂਨੀਵਰਸਿਟੀ ਦੇ ਸ਼ਤਾਬਦੀ ਸਮਾਰੋਹ ਵਿਚ ਸ਼ਾਮਲ ਹੁੰਦੇ ਹੋਏ ਸੰਬੋਧਨ ਵਿਚ ਕਹੀਆਂ। ਉਨ੍ਹਾਂ ਇਸ ਮੌਕੇ ਯਾਦਗਾਰੀ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ।
ਲਖਨਊ ਯੂਨੀਵਰਸਿਟੀ 1920 ਵਿਚ ਸਥਾਪਤ ਹੋਈ ਸੀ। ਇਸ ਸਾਲ ਲਖਨਊ ਯੂਨੀਵਰਸਿਟੀ ਅਪਣੇ 100 ਸਾਲ ਪੂਰੇ ਕਰ ਰਹੀ ਹੈ।
ਪ੍ਰੋਗਰਾਮ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਈ ਵਾਰ ਅਸੀਂ ਅਪਣੀ ਤਾਕਤ ਦਾ ਪੂਰਾ ਇਸਤੇਮਾਲ ਨਹੀਂ ਕਰਦੇ। ਪਹਿਲਾਂ ਇਹ ਸਮੱਸਿਆ ਸਰਕਾਰੀ ਤਰੀਕਿਆਂ ਵਿਚ ਵੀ ਸੀ। ਜਦੋਂ ਸ਼ਕਤੀ ਦੀ ਸਹੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਕੀ ਨਤੀਜਾ ਹੁੰਦਾ ਹੈ, ਦੀ ਇਕ ਉਦਾਹਰਣ ਰਾਏਬਰੇਲੀ ਦੀ ਰੇਲ ਕੋਚ ਫ਼ੈਕਟਰੀ ਹੈ।
ਉਨ੍ਹਾਂ ਕਿਹਾ ਕਿ ਰਾਏਬਰੇਲੀ ਦੀ ਰੇਲ ਕੋਚ ਫ਼ੈਕਟਰੀ ਵਿਚ ਕਈ ਸਾਲ ਪਹਿਲਾਂ ਨਿਵੇਸ਼ ਕੀਤਾ ਸੀ, ਇਸ ਵਿਚ ਸਰੋਤ ਲਏ ਗਏ, ਮਸ਼ੀਨਾਂ ਬਣਾਈਆਂ ਗਈਆਂ, ਵੱਡੇ ਐਲਾਨ ਹੋਏ ਪਰ ਕਈ ਸਾਲਾਂ ਤੋਂ ਇਥੇ ਸਿਰਫ਼ ਡੈਂਟਿੰਗ-ਪੇਂਟਿੰਗ ਦਾ ਹੀ ਕੰਮ ਹੁੰਦਾ ਸੀ। ਸਾਲ 2014 ਤੋਂ ਬਾਅਦ, ਅਸੀਂ ਅਪਣੀ ਸੋਚ ਨੂੰ ਬਦਲਿਆ, ਤਰੀਕਾ ਬਦਲਿਆ। ਨਤੀਜਾ ਇਹ ਹੋਇਆ ਕਿ ਪਹਿਲੇ ਕੋਚ ਨੂੰ ਕੁਝ ਮਹੀਨਿਆਂ ਵਿਚ ਇਥੇ ਬਣਾਇਆ ਸੀ ਅਤੇ ਅੱਜ ਇਥੇ ਹਰ ਸਾਲ ਸੈਂਕੜੇ ਕੋਚ ਤਿਆਰ ਕੀਤੇ ਜਾ ਰਹੇ ਹਨ। ਇਹ ਸ਼ਕਤੀ ਦੀ ਸਹੀ ਵਰਤੋਂ ਦੀ ਇਕ ਉਦਾਹਰਣ ਹੈ। (ਪੀਟੀਆਈ)
ਉਨ੍ਹਾਂ ਕਿਹਾ ਕਿ ਜਦੋਂ ਵੀ ਵਿਸ਼ਵ ਦੀ ਸਭ ਤੋਂ ਵੱਡੀ ਰੇਲ ਕੋਚ ਫ਼ੈਕਟਰੀ ਦੀ ਚਰਚਾ ਹੋਵੇਗੀ ਤਾਂ ਇਹ ਰਾਏਬਰੇਲੀ ਰੇਲ ਕੋਚ ਫ਼ੈਕਟਰੀ ਦੀ ਹੋਵੇਗੀ। ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸਮਾਗਮ ਵਿਚ ਸ਼ਾਮਲ ਹੋਏ। (ਪੀਟੀਆਈ)