
ਅੱਜ ਤੇ ਭਲਕੇ ਪੰਜਾਬ ਦੀਆਂ ਮੰਡੀਆਂ ਬੰਦ ਰਖਾਂਗੇ : ਚੀਮਾ
ਸੰਗਰੂਰ, 25 ਨਵੰਬਰ (ਬਲਵਿੰਦਰ ਸਿੰਘ ਭੁੱਲਰ) : ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਅੱਜ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਐਕਟ ਵਿਰੁਧ ਕਿਸਾਨਾਂ-ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਸ਼ਮੂਲੀਅਤ ਨੂੰ ਮੁੱਖ ਰੱਖਦੇ ਹੋਏ 26 ਅਤੇ 27 ਨਵੰਬਰ ਨੂੰ ਪੰਜਾਬ ਦੀਆਂ ਅਨਾਜ ਮੰਡੀਆਂ ਬੰਦ ਰਖੀਆਂ ਜਾਣਗੀਆਂ। ਚੀਮਾ ਨੇ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ ਦੇਸ਼ ਦੀ ਖੇਤੀ ਅਤੇ ਮੰਡੀਆਂ ਨੂੰ ਬਚਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁਧ ਡਟੇ ਹੋਏ ਹਨ ਅਤੇ ਹੁਣ ਕੇਂਦਰ ਸਰਕਾਰ ਨੂੰ ਜਗਾਉਣ ਲਈ ਜੋ ਦਿੱਲੀ ਕੂਚ ਦਾ ਫ਼ੈਸਲਾ ਕੀਤਾ ਹੈ ਉਸ ਵਿਚ ਆੜ੍ਹਤੀ ਤਨ ਮਨ ਧਨ ਨਾਲ ਮਦਦ ਕਰਨਗੇ।
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਪਣਾ ਨਿਜੀ ਸਵਾਰਥ ਹਲ ਕਰਨ ਲਈ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਨਾ ਕਰੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਪਣਾ ਸਹੀ ਫ਼ਰਜ਼ ਨਿਭਾਇਆ ਹੁੰਦਾ ਤਾਂ ਕਿਸਾਨਾਂ ਨੂੰ ਕਣਕ ਲਈ ਖਾਦ ਦੀ ਤੰਗੀ ਨਹੀਂ ਸੀ ਆਉਣੀ। ਪਰ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਅੱਗੇ ਗੋਡੇ ਟੇਕਦਿਆਂ ਕਿਸਾਨਾਂ ਨੂੰ ਰੇਲ ਰੋਕੋ ਵਿਚ ਢਿੱਲ ਦੇਣ ਲਈ ਮਜਬੂਰ ਕੀਤਾ।
ਉਨ੍ਹਾਂ ਕਿਹਾ ਕਿ ਜੇ ਅੱਜ ਬਾਦਲ ਦੀ ਸਰਕਾਰ ਹੁੰਦੀ ਤਾਂ ਨੰਗਲ ਅਤੇ ਬਠਿੰਡਾ ਖਾਦ ਪਲਾਂਟਾਂ ਵਿਚ ਪਈ ਸਾਰੀ ਖਾਦ ਡਿਪਟੀ ਕਮਿਸ਼ਨਰਾਂ ਰਾਂਹੀ ਧਾਰਾ 144 ਟਰੱਕਾਂ ਰਾਹੀਂ ਪੰਜਾਬ ਵਿਚ ਵੰਡ ਦਿਤੀ ਹੁੰਦੀ ਪਰ ਕੈਪਟਨ ਸਰਕਾਰ ਅਪਣੀ ਕੁਰਸੀ ਬਚਾਉਣ ਲਈ ਕੇਂਦਰ ਸਰਕਾਰ ਦੀ ਹਰ ਗਲ ਮੰਨਦਿਆਂ ਪਹਿਲਾਂ ਆੜ੍ਹਤੀਆਂ ਤੇ ਕਿਸਾਨਾਂ ਦੀ ਅਦਾਇਗੀ ਸਬੰਧੀ ਕੇਂਦਰ ਦੇ ਕਾਨੂੰਨ ਲਾਗੂ ਕੀਤੇ ਅਤੇ ਹੁਣ ਰੇਲਾਂ ਖੋਲ੍ਹਣ ਲਈ ਵੀ ਕਿਸਾਨਾਂ ਨੂੰ ਮਜਬੂਰ ਕੀਤਾ।
ਸ. ਚੀਮਾ ਨੇ ਪੰਜਾਬ ਦੇ ਸਮੁੱਚੇ ਆੜ੍ਹਤੀਆਂ ਨੂੰ ਕਿਹਾ ਕਿ ਇਸ ਸੰਘਰਸ਼ ਲਈ ਹਰ ਆੜ੍ਹਤੀ ਅਪਣਾ ਯੋਗਦਾਨ ਪਾਵੇ ਅਤੇ ਕਿਸਾਨਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਜੇਕਰ ਸੰਘਰਸ਼ ਲੰਬਾ ਹੋਇਆ ਤਾਂ ਪੰਜਾਬ ਤੋਂ ਕਿਸਾਨਾ ਨੂੰ ਲੋੜ ਅਨੁਸਾਰ ਹਰ ਜ਼imageਰੂਰੀ ਵਸਤ ਭੇਜੀ ਜਾਵੇਗੀ ।
ਫੋਟੋ ਨੰ. 25 ਐਸ.ਐਨ.ਜੀ 8