
ਕੈਪਟਨ ਦੀ ਸਿੱਧੂ ਨਾਲ ਦੁਪਹਿਰ ਦੇ ਖਾਣੇ 'ਤੇ ਸਫ਼ਲ ਮਿਲਣੀ
ਮੁਲਾਕਾਤ ਦਾ ਨਤੀਜਾ ਕਲ-ਭਲਕ ਤਕ ਸਾਹਮਣੇ ਆਉਣ ਦੀ ਸੰਭਾਵਨਾ
ਚੰਡੀਗੜ੍ਹ, 25 ਨਵੰਬਰ (ਨੀਲ ਭਲਿੰਦਰ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਾਰਾਜ਼ ਚਲ ਰਹੇ ਪਾਰਟੀ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਅੱਜ ਦੁਪਹਿਰ ਦੇ ਖਾਣੇ 'ਤੇ ਕੀਤੀ ਮਿਲਣੀ ਸਿਆਸੀ ਹਲਕਿਆਂ ਵਿਚ ਸਫ਼ਲ ਰਹੀ ਮੰਨੀ ਜਾ ਰਹੀ ਹੈ।
ਦੋਵੇਂ ਨੇਤਾ ਮੁਹਾਲੀ ਜ਼ਿਲ੍ਹੇ ਵਿਚ ਸਿਸਵਾਂ ਵਿਖੇ ਮੁੱਖ ਮੰਤਰੀ ਦੇ ਨਿਜੀ ਫ਼ਾਰਮ ਹਾਊਸ ਉਤੇ ਕਰੀਬ ਇਕ ਘੰਟਾ ਇਕੱਠੇ ਰਹੇ। ਹਾਲਾਂਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਕੀਤੇ ਗਏ ਟਵੀਟ ਮੁਤਾਬਕ ''ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੇ ਦੁਪਹਿਰ ਦੇ ਭੋਜਨ ਸਮੇਂ ਸਦਭਾਵਨਾ ਭਰੀ ਮੁਲਾਕਾਤ ਕੀਤੀ ਜਿਸ ਵਿਚ ਪੰਜਾਬ ਅਤੇ ਰਾਸ਼ਟਰੀ ਹਿਤਾਂ ਦੇ ਅਹਿਮ ਰਾਜਨੀਤਕ ਮਾਮਲਿਆਂ ਉਤੇ ਚਰਚਾ ਕੀਤੀ ਗਈ। ਦੋਹਾਂ ਨੇਤਾਵਾਂ ਨੇ ਕਰੀਬ ਇਕ ਘੰਟੇ ਤਕ ਨਾਲ ਬਿਤਾਏ ਅਤੇ ਅਹਿਮ ਮਾਮਲਿਆਂ ਉਤੇ ਵਿਚਾਰ ਸਾਂਝੇ ਕੀਤੇ।'' ਪਰ ਸਿਆਸੀ ਹਲਕਿਆਂ ਵਿਚ ਇਸ ਮੁਲਾਕਾਤ ਦੇ ਅਰਥ ਇੰਨੇ ਰਸਮੀ ਨਹੀਂ ਕੱਢੇ ਜਾ ਰਹੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦਾ ਨਤੀਜਾ ਵੀ ਕਲ- ਭਲਕ ਤਕ ਸਾਹਮਣੇ ਆਉਣ ਜਾ ਰਿਹਾ ਹੈ ਜਿਸ ਤਹਿਤ ਸਿੱਧੂ ਦੀ ਕੈਪਟਨ ਸਰਕਾਰ ਅਤੇ ਪੰਜਾਬ ਕਾਂਗਰਸ
ਵਿਚ ਸਰਗਰਮ ਵਾਪਸੀ ਤੈਅ ਹੋ ਚੁੱਕੀ ਹੈ। ਉਂਜ ਵੀ ਇਹ ਮੁਲਾਕਾਤ ਭਾਵੇਂ ਮੁੱਖ ਮੰਤਰੀ ਅਤੇ ਇਕ ਵਿਧਾਇਕ ਵਿਚਕਾਰ ਸੀ ਪਰ ਇਸ ਦੇ
ਸੱਦੇ ਅਤੇ ਹੋ ਚੁੱਕੀ ਹੋਣ ਬਾਰੇ ਜਾਣਕਾਰੀ ਨੂੰ ਨਿਜਠ ਕੇ ਵੱਧ ਤੋਂ ਵੱਧ ਜਨਤਕ ਕੀਤਾ ਜਾ ਰਿਹਾ ਹੈ ਜਿਸ ਤੋਂ ਸੰਕੇਤ ਸਪਸ਼ਟ ਹਨ ਕਿ ਦੋਹਾਂ ਨੇਤਾਵਾਂ ਵਿਚਲੀ ਕੜਵਾਹਟ ਹੁਣ ਖ਼ਤਮ ਹੋ ਚੁੱਕੀ ਹੈ। ਸਿੱਧੂ ਮਿਸ਼ਨ 2022 ਪੰਜਾਬ ਸਰ ਕਰਨ ਲਈ ਹੁਣ ਨਾ ਸਿਰਫ਼ ਮੁੱਖ ਮੰਤਰੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਮੁੜ ਸਰਗਰਮ ਹੋਣਗੇ ਸਗੋਂ ਪੰਜਾਬ ਵਿਚ ਅਪਣੀ ਸਰਕਾਰ ਦੇ ਆਖ਼ਰੀ ਸਾਲ ਨੂੰ ਵਿਕਾਸ ਵਰ੍ਹੇ ਦੇ ਤੌਰ 'ਤੇ ਕਾਮਯਾਬ ਕਰਨ ਲਈ ਅਪਣਾ ਟਿਲ ਲਾਉਣਗੇ।
ਦਸਣਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਬਠਿੰਡਾ ਰੈਲੀ ਦੌਰਾਨ ਸਿੱਧੂ ਵਲੋਂ ਮੰਚ ਤੋਂ ਹੀ ਕੈਪਟਨ ਦੇ ਬਾਦਲਾਂ ਨਾਲ ਰਲੇ ਹੋਣ ਦਾ ਅਸਿੱਧਾ ਇਸ਼ਾਰਾ ਕਰ ਕੇ ਮੁੱਖ ਮੰਤਰੀ ਦੀ ਨਾਰਾਜ਼ਗੀ ਸਹੇੜ ਲਈ ਸੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਮੁੱਖ ਮੰਤਰੀ ਨੇ ਵੀ ਬਠਿੰਡਾ ਅਤੇ ਗੁਰਦਾਸਪੁਰ ਸੀਟਾਂ ਹਾਰੀ ਹੋਣ ਦਾ ਠੀਕਰਾ ਸਿੱਧੂ ਦੀ ਸਥਾਨਕ ਸਰਕਾਰਾਂ ਵਿਭਾਗ ਵਿਚ ਢਿੱਲੀ ਕਾਰਜ ਕੁਸ਼ਲਤਾ ਵਲ ਇਸ਼ਾਰਾ ਕਰ ਕੇ ਭੰਨਿਆ ਗਿਆ ਸੀ। ਸਿੱਧੂ ਉਦੋਂ ਤੋਂ ਹੀ ਸਿਆਸੀ ਇਕਾਂਤਵਾਸ ਵਿਚ ਚਲੇ ਗਏ ਸਨ। ਪਰ ਕੇਂਦਰ ਦੇ ਵਿਵਾਦਤ ਖੇਤੀ ਕਾਨੂੰਨਾਂ ਵਿਰੁਧ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਸਿੱਧੂ ਮੁੜ ਤੋਂ ਸਰਗਰਮ ਹੋਣ ਲੱਗ ਪਏ ਅਤੇ ਨਵ ਨਿਯੁਕਤ ਪੰਜਾਬ ਮਾਮਲਿਆਂ ਬਾਰੇ ਇੰimageਚਾਰਜ ਹਰੀਸ਼ ਰਾਵਤ ਦੇ ਥਾਪੜੇ ਤੋਂ ਬਾਅਦ ਸਿੱਧੂ ਦੀ ਮੁੱਖ ਮੰਤਰੀ ਨਾਲ ਇਹ ਨੇੜਤਾ ਸੰਭਵ ਹੋ ਸਕੀ। ਜਾਣਕਾਰੀ ਮੁਤਾਬਕ ਜਾਰੀ ਨਵੰਬਰ ਮਹੀਨੇ ਦੇ ਅੰਦਰ ਅੰਦਰ ਹੀ ਸਿੱਧੂ ਦੀ ਸਰਕਾਰ ਵਿਚ ਵਾਪਸੀ ਲਗਭਗ ਤੈਅ ਮੰਨੀ ਜਾ ਰਹੀ ਹੈ ।