
ਐੱਨਐੱਚਐੱਮ ਮੁਲਾਜ਼ਮ ਤੇ ਵਾਟਰ ਸਪਲਾਈ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
ਮੁਕਤਸਰ ਸਾਹਿਬ - ਪੰਜਾਬ ਦੇ ਮੁਕਤਸਰ ਸਾਹਿਬ 'ਚ ਅੱਜ ਠੇਕਾ ਸੰਘਰਸ਼ ਮਾਰਚ, NHM ਅਤੇ ਆਂਗਣਵਾੜੀ ਵਰਕਰਾਂ ਨੇ ਹੰਗਾਮਾ ਕੀਤਾ। ਠੇਕਾ ਮੁਲਾਜ਼ਮਾਂ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਸੁਖਜਿੰਦਰ ਰੰਧਾਵਾ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕਰਨ ਲਈ ਪੁੱਜੇ ਸਨ।
ਉਨ੍ਹਾਂ ਨਾਲ ਆਏ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਠੇਕਾ ਮੁਲਾਜ਼ਮਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਥਿਤੀ ਇੱਥੋਂ ਤੱਕ ਬਣ ਗਈ ਕਿ ਡਿਪਟੀ ਸੀਐਮ ਰੰਧਾਵਾ ਅਤੇ ਮੰਤਰੀ ਰਾਜਾ ਵੜਿੰਗ ਨੇ ਕਾਰ ਤੋਂ ਹੇਠਾਂ ਉਤਰ ਕੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਇਸ ਦੇ ਬਾਵਜੂਦ ਠੇਕਾ ਮੁਲਾਜ਼ਮਾਂ ਨੇ ਧਰਨਾ ਜਾਰੀ ਰੱਖਿਆ। ਇਸ ਦੌਰਾਨ ਪੁਲਿਸ ਨਾਲ ਠੇਕਾ ਮੁਲਾਜ਼ਮਾਂ ਦੀ ਜ਼ਬਰਦਸਤ ਝੜਪ ਵੀ ਹੋਈ। ਇਸ 'ਤੇ ਡਿਪਟੀ ਸੀਐਮ ਰੰਧਾਵਾ ਨੇ ਵਰਕਰਾਂ ਨਾਲ ਗੁੱਸੇ ਵਿਚ ਵੀ ਗੱਲ ਕੀਤੀ।
ਉਨ੍ਹਾਂ ਡੀਸੀ ਨੂੰ ਹੁਕਮ ਦਿੱਤੇ ਕਿ ਜਿਹੜੇ ਮੁਲਾਜ਼ਮ ਡਿਊਟੀ ਛੱਡ ਕੇ ਆਏ ਹਨ, ਉਨ੍ਹਾਂ ਨੂੰ ਮੁਅੱਤਲ ਕੀਤਾ ਜਾਵੇ। ਇਸ ’ਤੇ ਠੇਕਾ ਮੁਲਾਜ਼ਮਾਂ ਨੇ ਰੰਧਾਵਾ ਦੀ ਕਾਰ ਅੱਗੇ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਮੰਤਰੀ ਰਾਜਾ ਵੜਿੰਗ ਨੇ ਵਰਕਰਾਂ ਨੂੰ ਆਪਣੇ ਵਫ਼ਦ ਨਾਲ ਗੱਲਬਾਤ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਪ੍ਰਦਰਸ਼ਨ ਦੌਰਾਨ ਮੰਤਰੀ ਰਾਜਾ ਵੜਿੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕ ਹਨ ਤੇ ਉਹ ਅਪਣੀਆਂ ਮੰਗਾਂ ਨੂੰ ਲੈ ਤੇ ਉਤੇਜਨਾ ਵਿਚ ਹਨ ਤੇ ਜਿਸ ਤਰ੍ਹਾਂ ਨਾਲ ਇਹ ਪ੍ਰਦਰਸ਼ਨ ਕਰ ਰਹੇ ਹਨ ਉਸ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ ਕੋਈ ਸ਼ਰਾਰਤੀ ਅਨਸਰ ਸ਼ਰਾਰਤ ਕਰ ਸਕਦਾ ਹੈ। ਉਹਨਾਂ ਕਿਹਾ ਕਿ ਉਹ ਇਸ ਕਰ ਕੇ ਹੀ ਗੱਡੀ ਵਿਚੋਂ ਉੱਤਰ ਕੇ ਉਹਨਾਂ ਨਾਲ ਗਾੱਲਬਾਤ ਕਰਨ ਗਏ ਸਨ ਤੇ ਅਸੀਂ ਉਹਨਾਂ ਨੂੰ ਭਰੋਸਾ ਜਤਾਇਆ ਹੈ ਕਿ ਉਹ ਜਲਦ ਹੀ ਮੁੱਖ ਮੰਤਰੀ ਨਾਲ ਗੱਲਬਾਤ ਕਰਵਾਉਣਗੇ। ਉਹਨਾਂ ਕਿਹਾ ਕਿ ਇਹ ਸਾਰੇ ਕੱਚੇ ਮੁਲਾਜ਼ਮ ਸਾਡਾ ਹੀ ਪਰਿਵਾਰ ਹੈ ਤੇ ਜੇ ਕੈਪਟਨ ਨੇ ਸਾਨੂੰ ਪਹਿਲਾਂ ਇਹ ਰਾਹਤ ਦਿੱਤੀ ਹੁੰਦੀ ਤਾਂ ਅੱਜ ਨੂੰ ਇਹ ਸਾਰੇ ਮੁਲਾਜ਼ਮ ਪੱਕੇ ਹੋਏ ਹੋਣੇ ਸਨ।