
ਬੇਅਦਬੀ ਤੇ ਚੋਰੀ ਮਾਮਲੇ 'ਚ ਹੋਣੀ ਸੀ ਪੁੱਛਗਿੱਛ
ਲੁਧਿਆਣਾ - 2015 ਵਿਚ ਫ਼ਰੀਦਕੋਟ ਦੇ ਨਾਲ ਲੱਗਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਹੋਏ ਪਾਵਨ ਸਰੂਪ ਦੇ ਮਾਮਲੇ ਨੂੰ ਲੈ ਕੇ ਅੱਜ ਐਸਆਈਟੀ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਪ੍ਰਬੰਧਕ ਪੀਆਰ ਨੈਣ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ ਪਰ ਇਨ੍ਹਾਂ ਦੋਵਾਂ ਵਿਚੋਂ ਕੋਈ ਵੀ ਐਸਆਈਟੀ ਅੱਗੇ ਪੇਸ਼ ਨਹੀਂ ਹੋਇਆ ਜਿਸ ਸਬੰਧੀ ਐੱਸਆਈਟੀ ਦੇ ਮੁਖੀ ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਹੁਣ ਅਗਲੇ ਸ਼ੁੱਕਰਵਾਰ ਪੇਸ਼ ਹੋਣ ਲਈ ਇਨ੍ਹਾਂ ਨੂੰ ਤੀਸਰਾ ਤੇ ਆਖਰੀ ਸੰਮਨ ਭੇਜਿਆ ਜਾਵੇਗਾ ਤੇ ਜੇ ਇਸ ਤੋਂ ਬਾਅਦ ਵੀ ਉਹ ਪੇਸ਼ ਨਹੀਂ ਹੋਏ ਤਾਂ ਇਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
sps parmar
ਐਸਆਈਟੀ ਦੇ ਮੁਖੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਮਾਮਲਾ ਬੁਰਜ ਜਵਾਹਰ ਸਿੰਘ ਵਾਲਾ ਦਾ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ 9 ਨਵੰਬਰ ਨੂੰ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ ਗਈ ਸੀ, ਉਦੋਂ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਸਿਰਫ਼ ਸਤਿਸੰਗ ਚ ਹੀ ਹਿੱਸਾ ਲੈਂਦੇ ਸਨ ਬਾਕੀ ਡੇਰੇ ਦੇ ਫੈਸਲੇ ਪ੍ਰਬੰਧਕਾਂ ਵੱਲੋਂ ਹੀ ਤੈਅ ਕੀਤੇ ਜਾਂਦੇ ਰਹੇ ਨੇ ਜਿਸ ਕਰਕੇ ਹੁਣ ਐਸਆਈਟੀ ਵੱਲੋਂ ਇਨ੍ਹਾਂ ਦੋਵਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।
Vipassana Insan
ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਪੀ ਆਰ ਨੈਨ ਨੇ ਤਾਂ ਮੈਡੀਕਲ ਭੇਜ ਕੇ ਆਪਣੇ ਠੀਕ ਨਾ ਹੋਣ ਦਾ ਹਵਾਲਾ ਦਿੱਤਾ ਜਦੋਂ ਕਿ ਵਿਪਾਸਨਾ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਜਾਂਚ ਕਦੋਂ ਤੱਕ ਪੂਰੀ ਹੋ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਕੋਈ ਭਵਿੱਖਬਾਣੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਾਂਚ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।
ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਜਾਂਚ ਮੁਕੰਮਲ ਕਰਨ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਜਾਂਚ ਕੱਲ੍ਹ ਹੀ ਪੂਰੀ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਨੂੰ ਕਿਸੇ ਵੀ ਤਰ੍ਹਾਂ ਦਾ ਦਬਾਅ ਜਾਂਚ ਜਲਦ ਕਰਨ ਲਈ ਨਹੀਂ ਪਾ ਸਕਦੀ।