
ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਸ਼ੁਰੂ ਕੀਤੀ ਭਾਲ
ਸੁਨਾਮ ਊਧਮ ਸਿੰਘ ਵਾਲਾ: ਸੁਨਾਮ-ਮਾਨਸਾ ਸੜਕ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਸਥਾਨਕ ਨਾਮ ਚਰਚਾ ਘਰ ਨੇੜੇ ਇੱਕ ਮੋਟਰਸਾਈਕਲ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਜਿਸ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ (52) ਪੁੱਤਰ ਸੰਤੋਖ ਸਿੰਘ ਵਾਸੀ ਸਿੰਘਪੁਰਾ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਭੁਪਿੰਦਰ ਸਿੰਘ ਲੌਂਗੋਵਾਲ ਵਿਖੇ ਇਕ ਬੈਂਕ ਵਿਚ ਸਕਿਉਰਟੀ ਗਾਰਡ ਵਜੋਂ ਨੌਕਰੀ ਕਰਦਾ ਸੀ। ਬੀਤੀ ਸ਼ਾਮ ਕਰੀਬ ਸਾਢੇ ਕੁ ਛੇ ਵਜੇ ਉਹ ਇਕੱਲਾ ਹੀ ਮੋਟਰਸਾਈਕਲ 'ਤੇ ਚੀਮਾ ਮੰਡੀ ਵਲੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਭੁਪਿੰਦਰ ਸਿੰਘ ਇਥੋਂ ਦੇ ਨਾਮ ਚਰਚਾ ਘਰ ਨੇੜੇ ਪਹੁੰਚਿਆ ਤਾਂ ਅੱਗਿਉਂ ਆ ਰਹੀ ਇਕ ਕਾਰ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਸ ਜ਼ਬਰਦਸਤ ਟੱਕਰ ਵਿਚ ਭੁਪਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਫਿਲਹਾਲ ਕਾਰ ਡਰਾਈਵਰ ਫਰਾਰ ਹੈ। ਪੁਲਿਸ ਵਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।