ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ
ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦ ਤੋਂ ਦਿਹਾਤ ਪੁਲਿਸ ਵੱਲੋਂ IED ਸਮੇਤ 2 ਅੱਤਵਾਦੀਆਂ ਨੂੰ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਮਲੇ ’ਚ ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਣਾ ਹੈ। ਪੁਲਿਸ ਮੁਤਾਬਕ ਇਹ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ISI ਨੇ ਦਿੱਲੀ ’ਚ ਹੋਏ ਧਮਾਕਿਆਂ ਤੋਂ ਬਾਅਦ ਫਿਰ ਧਮਾਕਾਖੇਜ਼ ਸਮੱਗਰੀ ਭੇਜਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਪੈਟਰੋਲਿੰਗ ਵਧਾ ਦਿੱਤੀ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੰਗਲਵਾਰ ਦੇਰ ਰਾਤ 2 ਅੱਤਵਾਦੀ ਬਾਈਕ ’ਤੇ ਸਵਾਰ ਹੋ ਕੇ ਆਈਈਡੀ ਚੁੱਕਣ ਲਈ ਨਿਕਲੇ ਹਨ। ਇਸ ਤੋਂ ਬਾਅਦ ਪੁਲਿਸ ਨੇ ਰਮਦਾਸ, ਅਜਨਾਲਾ ਤੇ ਘਰਿੰਡਾ ਇਲਾਕੇ ’ਚ ਨਾਕਾਬੰਦੀ ਕਰ ਦਿੱਤੀ। ਸੰਘਣੀ ਧੁੰਦ ਵਿਚਾਲੇ ਬਾਈਕ ਸਵਾਰਾਂ ਨੂੰ ਆਉਂਦਾ ਦੇਖ ਰੁਕਣ ਦਾ ਇਸ਼ਾਰਾ ਕੀਤਾ ਗਿਆ। ਮੁਲਜ਼ਮਾਂ ਨੇ ਉੱਥੋਂ ਭੱਜਣ ਦਾ ਯਤਨ ਕੀਤਾ, ਪਰ ਪੁਲਿਸ ਨੇ ਪਿੱਛਾ ਕਰ ਕੇ ਦੋਵਾਂ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ’ਚੋਂ ਇਕ IED ਬਰਾਮਦ ਕੀਤੀ ਗਈ, ਜਿਸ ਦਾ ਵਜ਼ਨ ਸਵਾ ਦੋ ਤੋਂ ਢਾਈ ਕਿੱਲੋ ਦੇ ਵਿਚਕਾਰ ਸੀ। ਪਤਾ ਲੱਗਿਆ ਹੈ ਕਿ DIG ਸੰਦੀਪ ਗੋਇਲ ਤੇ SSP ਸੋਹੇਲ ਮੀਰ ਅੱਜ ਇਸ ਮਾਮਲੇ ’ਤੇ ਪ੍ਰੈੱਸ ਕਾਨਫਰੰਸ ਕਰਨਗੇ। ਸੰਭਾਵਨਾ ਹੈ ਕਿ ਜਲਦ ਹੀ ਕੁਝ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ।
