ਕਿਹਾ, ‘ਆਪ’ ਵਾਲੇ ਦਿੱਲੀ ’ਚ ਕਰਵਾਏ ਸਮਾਗਮ ’ਚ ਕਿਉਂ ਨਹੀਂ ਗਏ?”
ਚੰਡੀਗੜ੍ਹ: ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਉਤੇ ਧਾਰਮਕ ਸਮਾਗਮਾਂ ਨੂੰ ਸਿਆਸਤ ਨਾਲ ਜੋੜਨ ਦਾ ਦੋਸ਼ ਲਗਾਇਆ ਹੈ। ਇਕ ਵੀਡੀਉ ਬਿਆਨ ਵਿਚ ਬਿੱਟੂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਦੁਨੀਆਂ ਭਰ ਵਿਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਸੀ, ਪਰ ਪੰਜਾਬ ਸਰਕਾਰ ਨੇ ਇਸਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ।
ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਲਾਲ ਕਿਲ੍ਹੇ ਉਤੇ ਤਿੰਨ ਦਿਨਾਂ ਦੇ ਸਮਾਗਮ ਕਰਵਾਏ, ਜਿੱਥੇ ਪੰਥ ਦਾ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਖੁਦ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਦੇਸ਼ ਦੀ ਰੱਖਿਆ ਵਿਚ ਗੁਰੂ ਸਾਹਿਬ ਦੇ ਯੋਗਦਾਨ ਨੂੰ ਯਾਦ ਕੀਤਾ।
ਬਿੱਟੂ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨਾਲ ਸਟੇਜ ਸਾਂਝਾ ਕਰ ਕੇ ਸਿੱਖ ਧਰਮ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਨੇ ਪੁਛਿਆ ਕਿ ਜਦੋਂ ਸੀਸ ਗੰਜ ਸਾਹਿਬ ਅਤੇ ਰਕਾਬ ਗੰਜ ਸਾਹਿਬ ਵਰਗੇ ਇਤਿਹਾਸਕ ਗੁਰਦੁਆਰਿਆਂ ਉਤੇ ਸਮਾਗਮ ਹੋ ਰਹੇ ਸਨ, ਤਾਂ ਆਮ ਆਦਮੀ ਪਾਰਟੀ ਦੇ ਨੇਤਾ ਉੱਥੇ ਕਿਉਂ ਨਹੀਂ ਗਏ। ਬਿੱਟੂ ਨੇ ਦਾਅਵਾ ਕੀਤਾ ਕਿ ‘‘ਪੰਜਾਬੀਆਂ ਨੇ ਕੇਜਰੀਵਾਲ ਨੂੰ ਲੁਟਾਉਣ ਵਾਲਾ ਮੰਨਿਆ ਹੈ, ਇਸ ਲਈ ਕੋਈ ਵੀ ਸਿੱਖ ਨੇਤਾ ਉਸ ਦੇ ਨਾਲ ਸਟੇਜ ਉਤੇ ਨਹੀਂ ਬੈਠਣਾ ਚਾਹੁੰਦਾ।‘‘
ਬਿੱਟੂ ਨੇ ਆਮ ਆਦਮੀ ਪਾਰਟੀ ਉਤੇ ਝੂਠੇ ਐਲਾਨਾਂ ਕਰਨ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਬਣਾਉਣ ਦੇ ਵਾਅਦੇ ਕੀਤੇ ਗਏ ਸਨ, ਪਰ ਅੱਜ ਤਕ ਇਕ ਇੱਟ ਵੀ ਨਹੀਂ ਲੱਗੀ। ਉਨ੍ਹਾਂ ਕਿਹਾ, ‘‘ਸੰਗਰੂਰ ਤੋਂ ਪਾਰਟੀ ਦੇ ਪ੍ਰਧਾਨ ਅਤੇ ਮੰਤਰੀ ਹੋਣ ਦੇ ਬਾਵਜੂਦ, ਉੱਥੇ ਕੋਈ ਵੱਡਾ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ।’’
ਬਿੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਦੇ ਨਾਂ ਉਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਨੇ ਚੁਨੌਤੀ ਦਿਤੀ ਕਿ ‘‘ਜੇ ਅਸੀਂ ਭ੍ਰਿਸ਼ਟਾਚਾਰ ਕੀਤਾ ਹੈ ਤਾਂ ਗੁਰੂ ਸਾਹਿਬ ਸਾਨੂੰ ਸਜ਼ਾ ਦੇਣ, ਪਰ ਤੁਹਾਡਾ ਖਾਤਾ ਵੀ ਦਿੱਲੀ ਵਿਚ ਖੁਲ੍ਹੇਗਾ।‘‘ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਧਰਮ ਨੂੰ ਕਦੇ ਵੀ ਸਿਆਸਤ ਨਾਲ ਨਾ ਜੋੜਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਵਰਗੇ ਪਵਿੱਤਰ ਮੌਕੇ ਲੋਕਾਂ ਨੂੰ ਜੋੜਨ ਲਈ ਹੁੰਦੇ ਹਨ, ਨਾ ਕਿ ਸਿਆਸੀ ਲਾਭ ਲਈ।
