
22 ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ
ਬਲਬੀਰ ਸਿੰਘ ਰਾਜੇਵਾਲ ਨੂੰ ਐਲਾਨਿਆ ਮੁੱਖ ਮੰਤਰੀ ਦਾ ਚਿਹਰਾ, ਸਾਰੀਆਂ 117 ਸੀਟਾਂ ਉਪਰ ਸੰਯੁਕਤ ਸਮਾਜ ਮੋਰਚਾ ਪਾਰਟੀ ਵਲੋਂ ਚੋਣ ਲੜਨਗੇ
ਚੰਡੀਗੜ੍ਹ, 25 ਦਸੰਬਰ (ਗੁਰਉਪਦੇਸ਼ ਭੁੱਲਰ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਮੋਦੀ ਸਰਕਾਰ ਵਿਰੁਧ ਦਿੱਲੀ ਮੋਰਚਾ ਫ਼ਤਿਹ ਕਰਨ ਬਾਅਦ ਪੰਜਾਬ ਦੀਆਂ 22 ਪ੍ਰਮੁੱਖ ਕਿਸਾਨ ਜਥੇਬੰਦੀਆਂ ਨੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿਤਾ ਹੈ |
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿਚੋਂ 7 ਨੇ ਅਪਣੇ ਆਪ ਨੂੰ ਇਸ ਫ਼ੈਸਲੇ ਤੋਂ ਵੱਖ ਕਰਦਿਆਂ ਸਿਆਸਤ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਜਦਕਿ 3 ਜਥੇਬੰਦੀਆਂ ਨੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਪਰ 22 ਜਥੇਬੰਦੀਆਂ ਦੇ ਆਗੂਆਂ ਨੇ ਇਨ੍ਹਾਂ ਦਾ ਵੀ ਸਮਰਥਨ ਹਾਸਲ ਹੋਣ ਦਾ ਦਾਅਵਾ ਕੀਤਾ ਹੈ | ਜ਼ਿਕਰਯੋਗ ਹੈ ਕਿ ਅੱਜ ਚੰਡੀਗੜ੍ਹ ਦੇ ਪੀਪਲਜ਼ ਕਨਵੈਨਸ਼ਨ ਸੈਂਟਰ ਵਿਚ ਲੰਬੀ ਮੀਟਿੰਗ ਤੋਂ ਬਾਅਦ ਸਿਆਸਤ ਵਿਚ ਦਾਖ਼ਲ ਹੋਣ ਦਾ ਅੰਤਮ ਫ਼ੈਸਲਾ ਲਿਆ | ਇਸ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਹੋ ਰਹੀਆਂ ਮੀਟਿੰਗਾਂ ਵਿਚ ਲਗਾਤਾਰ ਆਪਸੀ ਵਿਚਾਰ ਵਟਾਂਦਰੇ ਚਲ ਰਹੇ ਸਨ | ਜ਼ਿਕਰਯੋਗ ਗੱਲ ਹੈ ਕਿ ਅੱਜ ਮੀਟਿੰਗ ਬਾਅਦ ਖਚਾਖਚ ਭਰੀ ਪ੍ਰੈਸ ਕਾਨਫ਼ਰੰਸ ਵਿਚ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਚੋਣਾਂ ਲੜਨ ਲਈ ਬਣਾਈ ਗਈ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਦੀ ਅਗਵਾਈ ਸੌਂਪਦਿਆਂ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦਿਤਾ |
ਅਪਣੇ ਦਮ ਉਪਰ ਸੱਭ ਵਰਗਾਂ ਨੂੰ ਨਾਲ ਲੈ ਕੇ ਸਾਰੀਆਂ 117 ਸੀਟਾਂ ਉਪਰ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ | ਆਮ ਆਦਮੀ ਪਾਰਟੀ ਨਾਲ ਗਠਜੋੜ ਜਾਂ ਸੀਟਾਂ ਦੀ ਵੰਡ ਲਈ ਹਾਲੇ ਤਕ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਣ ਤੋਂ ਵੀ ਇਨਕਾਰ ਕਰ ਦਿਤਾ ਗਿਆ ਪਰ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਕੋਈ ਪੇਸ਼ਕਸ਼ ਆਏਗੀ ਤਾਂ ਦੇਖਿਆ ਜਾਵੇਗਾ | ਭਾਜਪਾ ਤੋਂ ਇਲਾਵਾ ਕਾਂਗਰਸ ਤੇ ਬਾਦਲ ਅਕਾਲੀ ਦਲ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ | ਕਿਸਾਨ ਜਥੇਬੰਦੀਆਂ ਦੇ ਸਿਆਸੀ ਪਿੜ 'ਚ ਆ ਜਾਣ ਬਾਅਦ ਹੁਣ ਸੂਬੇ ਵਿਚ ਚਲ ਰਹੇ ਸਾਰੇ
ਸਿਆਸੀ ਸਮੀਕਰਨ ਬਦਲ ਜਾਣਗੇ | ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰਾਜੇਵਾਲ ਨੇ ਕਿਹਾ ਕਿ ਮੋਰਚਾ ਫ਼ਤਿਹ ਹੋਣ ਬਾਅਦ ਜਿਸ ਤਰ੍ਹਾਂ ਦਾ ਸਵਾਗਤ ਪਿੰਡਾਂ ਤੇ ਸ਼ਹਿਰਾਂ ਵਿਚ ਵਾਪਸੀ ਸਮੇਂ ਹੋਇਆ ਅਤੇ ਆਮ ਲੋਕਾਂ ਤੇ ਕਿਸਾਨਾਂ ਦੀ ਆਵਾਜ਼ ਸੁਣ ਕੇ ਹੀ ਸਿਆਸੀ ਮੈਦਾਨ ਵਿਚ
ਕੁੱਦਣ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਜਥੇਬੰਦੀਆਂ ਨੂੰ ਵੀ ਲੋਕ ਹਿਤ ਵਿਚ ਸਮਰਥਨ ਦੇਣ ਲਈ ਮਨਾਇਆ ਜਾਵੇਗਾ |
ਰਾਜੇਵਾਲ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੇ ਲੰਮਾ ਸਮਾਂ ਪੰਜਾਬ ਦੇ ਲੋਕਾਂ ਨੂੰ ਵਾਰੋ ਵਾਰੀ ਲੁਟਿਆ ਹੈ ਅਤੇ ਆਮ ਲੋਕ ਹੁਣ ਇਨ੍ਹਾਂ ਤੋਂ ਛੁਟਕਾਰਾ ਚਾਹੁੰਦੇ ਹਨ | ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਲੋਕਾਂ ਨੂੰ ਨਵਾਂ ਬਦਲ ਦੇ ਕੇ ਨਵਾਂ ਪੰਜਾਬ ਸਿਰਜਣ ਲਈ ਕੰਮ ਕਰੇਗਾ | ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿਤਾ ਕਿ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਲਈ ਸੰਘਰਸ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਜਾਰੀ ਰਹੇਗਾ | ਅਸੀ ਸਿਆਸੀ ਫ਼ਰੰਟ 'ਤੇ ਲੜਦਿਆਂ ਅਪਣੀਆਂ ਜਥੇਬੰਦੀਆਂ ਵਲੋਂ ਪੂਰਾ ਸਮਰਥਨ ਦਿੰਦੇ ਰਹਾਂਗੇ | ਪ੍ਰੈਸ ਕਾਨਫ਼ਰੰਸ ਵਿਚ ਰਾਜੇਵਾਲ ਨਾਲ ਮੌਜੂਦ ਹੋਰ ਪ੍ਰਮੁੱਖ ਕਿਸਾਨ ਆਗੂਆਂ ਵਿਚ ਰੁਲਦੂ ਸਿੰਘ, ਕੁਲਵੰਤ ਸਿੰਘ ਸੰਧੂ, ਪ੍ਰੇਮ ਸਿੰਘ ਭੰਗੂ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ, ਜੰਗਵੀਰ ਸਿੰਘ ਚੌਹਾਨ, ਬਲਦੇਵ ਸਿੰਘ ਨਿਹਾਲਗੜ੍ਹ, ਬੋਘ ਸਿੰਘ ਤੇ ਬੂਟਾ ਸਿੰਘ ਸ਼ਾਦੀਪੁਰ ਵੀ ਮੌਜੂਦ ਸਨ |
ਡੱਬੀ