
ਮੋਦੀ ਸਰਕਾਰ, ਜਾਂਚ ਏਜੰਸੀਆਂ, ਖ਼ੁਫ਼ੀਆਤੰਤਰ ਅਤੇ ਨਿਆਂ ਪਾਲਿਕਾ ਬਣਦੀ ਜ਼ੁੰਮੇਵਾਰੀ ਨਿਭਾਉਣ : ਜਥੇਦਾਰ
ਕਿਹਾ, ਸਿੱਖਾਂ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ, 25 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ‘ਜਥੇਦਾਰਾਂ’ ਦੀ ਹੋਈ ਇਕੱਤਰਤਾ ਉਪਰੰਤ ਗਿ. ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਜਾਗਤ-ਜੋਤਿ ਇਸ਼ਟ ਹਨ। ਪਿਛਲੇ ਕਈ ਸਾਲਾਂ ਤੋਂ ਇਕ ਗਿਣੀ-ਮਿਥੀ ਸਾਜ਼ਸ਼ ਤਹਿਤ ਕੁੱਝ ਅਦਿਖ ਪੰਥ ਵਿਰੋਧੀ ਤਾਕਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਨਮਾਨ ਨੂੰ ਢਾਹ ਲਾ ਰਹੀਆਂ ਹਨ। ਇਹ ਵਰਤਾਰਾ ਇੰਨਾ ਘਿਨਾਉਣਾ ਹੈ ਕਿ ਪਹਿਲਾਂ ਪਿੰਡਾਂ-ਕਸਬਿਆਂ ਦੇ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਹੁਣ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤਕ ਪਹੁੰਚਣ ਲਗਾ ਹੈ। ਕੋਈ ਵੀ ਕਾਨੂੰਨ ਇਨ੍ਹਾਂ ਨੂੰ ਰੋਕਣ ਲਈ ਅਤੇ ਨਿਆਂਪਾਲਿਕਾ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕਾਰਗਰ ਸਾਬਤ ਹੁੰਦਾ ਦਿਖਾਈ ਨਹੀਂ ਦਿਤਾ। ਸੈਂਕੜੇ ਘਟਨਾਵਾਂ ਵਿਚ ਦੋਸ਼ੀ ਫੜ ਕੇ ਕਾਨੂੰਨ ਦੇ ਹਵਾਲੇ ਕੀਤੇ ਜਾਂਦੇ ਰਹੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਤਕ ਕਿਸੇ ਇਕ ਵੀ ਦੋਸ਼ੀ ਨੂੰ ਕਾਨੂੰਨ ਅਤੇ ਅਦਾਲਤਾਂ ਇਹੋ ਜਿਹੀ ਕੋਈ ਸਜ਼ਾ ਨਹੀਂ ਦੇ ਸਕੀਆਂ ਜੋ ਭਵਿੱਖ ਵਿਚ ਇਹੋ ਜਿਹੀਆਂ ਘਟਨਾਵਾਂ ਕਰਨ ਵਾਲਿਆਂ ਲਈ ਸਬਕ ਬਣ ਸਕਦੀ। ਬਲਕਿ ਬਹੁਤ ਸਾਰੇ ਦੋਸ਼ੀਆਂ ਨੂੰ ਮਾਨਸਿਕ ਰੋਗੀ ਆਖ ਕੇ ਬਰੀ ਕਰ ਦਿਤਾ ਜਾਂਦਾ ਰਿਹਾ ਤੇ ਜ਼ਮਾਨਤਾਂ ਲੈ ਕੇ ਜੇਲਾਂ ਵਿਚੋਂ ਬਾਹਰ ਆ ਕੇ ਬੇਖ਼ੌਫ਼ ਘੁੰਮ ਰਹੇ ਹਨ।
ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ, ਸਿਖਾਂ ਦੀਆਂ ਮਨੋਭਾਵਨਾਵਾਂ ਨੂੰ ਸਮਝੇ ਬਗ਼ੈਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਿੱਖਾਂ ਦੇ ਰੂਹਾਨੀ ਤੇ ਜਜ਼ਬਾਤੀ ਸਬੰਧ ਨੂੰ ਸਮਝਣ ਤੋਂ ਬਿਨਾਂ ਅਤੇ ਅਤੀਤ ਵਿਚ ਵਾਪਰੀਆਂ ਬੇਅਦਬੀ ਦੀਆਂ ਸੈਂਕੜੇ ਘਟਨਾਵਾਂ ਤੋਂ ਬਾਅਦ ਜਿਸ ਤਰੀਕੇ ਨਾਲ ਦੇਸ਼ ਦੀ ਮੱੁਖ ਧਾਰਾ ਦੇ ਮੀਡੀਆ ਦੇ ਇਕ ਹਿੱਸੇ ਨੇ ਸਿੱਖਾਂ ਪ੍ਰਤੀ ਗ਼ਲਤ ਅਕਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਬੇਹਦ ਨਿਰਾਸ਼ਾਜਨਕ ਹੈ। ਭਾਰਤ ਸਰਕਾਰ ਤੇ ਉਸ ਦੀਆਂ ਜਾਂਚ ਏਜੰਸੀਆਂ, ਖ਼ੁਫੀਆਤੰਤਰ ਤੇ ਨਿਆਂਪਾਲਿਕਾ ਤੁਰਤ ਬਣਦੀ ਜ਼ਿੰਮੇਵਾਰੀ ਨਿਭਾਉਣ ਵਿਚ ਅੱਗੇ ਆ ਜਾਂਦੇ ਤਾਂ ਕਿਸਾਨ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਕਾਇਮ ਹੋਈ ਫ਼ਿਰਕੂ ਸਦਭਾਵਨਾ ਤੇ ਹਿੰਦੂ-ਸਿੱਖ ਏਕਤਾ ਨੂੰ ਤੋੜਨ ਦੀਆਂ ਨਾਪਾਕ ਸਾਜ਼ਸ਼ਾਂ ਕਰਨ ਵਾਲਿਆਂ ਦੇ ਮੂੰਹ ’ਤੇ ਕਰਾਰੀ ਚਪੇੜ ਵਜਣੀ ਸੀ। ਸਿੱਖਾਂ ਵਿਚ ਇਹ ਚਿੰਤਾ ਵੀ ਤੇਜ਼ੀ ਨਾਲ ਪ੍ਰਬਲ ਹੋ ਰਹੀ ਹੈ ਕਿ ਜੇਕਰ ਸਾਡੇ ਵਿਸ਼ਵਾਸ ਤੇ ਸ਼ਰਧਾ ਸਾਡੇ ਕੇਂਦਰੀ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਸਿੱਖ ਅਪਣੇ ਆਪ ਨੂੰ ਹੋਰ ਕਿਥੇ ਮਹਿਫੂਜ਼ ਸਮਝ ਸਕਣਗੇ।