
ਮੁਲਜ਼ਮਾਂ ਖ਼ਿਲਾਫ਼ ਇਮੋਰਲ ਟ੍ਰੈਫਕਿੰਗ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਮੁਕਤਸਰ ਸਾਹਿਬ: ਮਸਾਜ ਅਤੇ ਸਪਾ ਸੈਂਟਰ ਦੀ ਆੜ ਵਿਚ ਜਿਸਮਫਿਰੋਸ਼ੀ ਦਾ ਧੰਦਾ ਕਰਵਾਉਣ ਦੇ ਮਾਮਲੇ ਵਿਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਹੋਰ ਸੂਬਿਆਂ ਤੋਂ ਆਈਆਂ ਤਿੰਨ ਔਰਤਾਂ, ਸੈਂਟਰ ਮਾਲਕ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਟੀਮ ਮਲੋਟ ਰੋਡ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮਲੋਟ-ਬਠਿੰਡਾ ਬਾਈਪਾਸ ਨੇੜੇ ਪੁਲ ਸੂਆ ਸ੍ਰੀ ਮੁਕਤਸਰ ਸਾਹਿਬ ’ਤੇ ਬਣੇ ਮਸਾਜ ਅਤੇ ਸਪਾ ਸੈਂਟਰ 'ਚ ਪਿਛਲੇ ਕਾਫੀ ਸਮੇਂ ਤੋਂ ਮਸਾਜ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਕਾਬੂ ਕੀਤਾ ਜਾ ਸਕਦਾ ਹੈ। ਜਦੋਂ ਉਨ੍ਹਾਂ ਪੁਲਿਸ ਟੀਮ ਨਾਲ ਉਕਤ ਸੈਂਟਰ ’ਤੇ ਛਾਪਾ ਮਾਰਿਆ ਤਾਂ ਉੱਥੇ ਸੈਂਟਰ ਦੇ ਪ੍ਰਬੰਧਕ ਅਤੇ ਮਾਲਕ ਵਿੱਕੀ ਨੇ ਦੂਜੇ ਰਾਜਾਂ ਤੋਂ ਲਿਆਂਦੀਆਂ ਤਿੰਨ ਔਰਤਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ, ਜੋ ਮਸਾਜ ਦੀ ਆੜ 'ਚ ਦੇਹ ਵਪਾਰ ਦਾ ਧੰਦਾ ਕਰ ਰਹੀਆਂ ਸਨ।
ਇਸ ਮਾਮਲੇ ਵਿੱਚ ਵਿੱਕੀ ਕੁਮਾਰ ਵਾਸੀ ਮਲੋਟ, ਨੇਤਰਪਾਲ ਵਾਸੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਸਿੰਘ ਵਾਸੀ ਬੀਹਲੇਵਾਲਾ, ਗੁਰਪ੍ਰੀਤ ਕੌਰ, ਸੀਮਾ, ਰਿੰਕੀ ਸ਼ਰਮਾ ਵਾਸੀ ਨਵੀਂ ਦਿੱਲੀ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਖ਼ਿਲਾਫ਼ ਇਮੋਰਲ ਟ੍ਰੈਫਕਿੰਗ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਧੰਦੇ ਵਿੱਚ ਮੁਲਜ਼ਮਾਂ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਇਸ ਧੰਦੇ ਦੀਆਂ ਤਾਰਾਂ ਕਿਸ ਹੱਦ ਤੱਕ ਜੁੜੀਆਂ ਹੋਈਆਂ ਹਨ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।