
104 ਸਾਲਾ ਦੌੜਾਕ ਬੇਬੇ ਮਾਨ ਕੌਰ ਦਾ ਪੁੱਤਰ ਸੀ ਗੁਰਦੇਵ ਸਿੰਘ
Sikh runner Gurdev Singh Mann passes away: ਦੁਨੀਆਂ ਭਰ ਵਿਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਦੌੜਾਕ ਸਰਦਾਰ ਗੁਰਦੇਵ ਸਿੰਘ ਮਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਜਨਮ 9 ਸਤੰਬਰ 1938 ਨੂੰ ਹੋਇਆ ਸੀ। ਉਹ 86 ਸਾਲਾਂ ਦੇ ਸਨ ਅਤੇ 22 ਦਸੰਬਰ ਨੂੰ ਚੰਡੀਗੜ੍ਹ ਵਿਖੇ ਆਖ਼ਰੀ ਸਾਹ ਲਏ। ਉਹ 100ਮੀ., 200 ਮੀ. ਤੇ 400 ਮੀ. ਦੌੜ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਸਨ। ਹੁਣ ਤਕ ਜਰਮਨੀ ਅਮਰੀਕਾ, ਜਪਾਨ ਅਤੇ ਚੀਨ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿਚ ਖੇਡਣ ਜਾਂਦੇ ਰਹੇ।
ਵੇਰਵਿਆਂ ਅਨੁਸਾਰ ਗੁਰਦੇਵ ਸਿੰਘ ਨੂੰ 2 ਮਹੀਨੇ ਪਹਿਲਾਂ ਕਿਸੇ ਡਿਲੀਵਰੀ ਕਰਨ ਵਾਲੇ ਮੋਟਰਸਾਈਕਲ ਚਾਲਕ ਨੇ ਟੱਕਰ ਮਾਰ ਦਿਤੀ ਸੀ। ਜਿਸ ਕਾਰਨ ਉਨ੍ਹਾਂ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਇਨ੍ਹੀ-ਦਿਨੀਂ ਉਨ੍ਹਾਂ ਦਾ ਇਲਾਜ ਪੀਜੀਆਈ ਵਿਚ ਚਲ ਰਿਹਾ ਸੀ ਅਤੇ ਉਹ ਬੈੱਡ ਉੱਤੇ ਅਚੇਤ ਹਾਲਤ ਵਿਚ ਦੱਸੇ ਜਾ ਰਹੇ ਸਨ। ਉੱਘੇ ਸਮਾਜ ਸੇਵੀ ਕਰਨਲ ਮਨਮੋਹਨ ਸਿੰਘ ਸਕਾਊਟ ਨੇ ਦਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਪੁੱਤਰ ਦੇ ਜੋ ਕਿ ਕੈਨੇਡਾ ਰਹਿ ਰਹੇ ਹਨ ਦੇ ਆਉਣ ਤੋਂ ਬਾਅਦ ਭਲਕੇ ਚੰਡੀਗੜ੍ਹ ਵਿਖੇ ਹੋਵੇਗਾ।
ਦੱਸਣਯੋਗ ਹੈ ਕਿ ਗੁਰਦੇਵ ਸਿੰਘ ਨੇ ਹੀ ਆਪਣੀ ਮਾਤਾ ਬੇਬੇ ਮਾਨ ਕੌਰ ਨੂੰ ਦੌੜਨ ਲਈ ਪ੍ਰੇਰਿਤ ਕੀਤਾ ਸੀ। ਜਦੋਂ ਬੇਬੇ ਮਾਨ ਕੌਰ 93 ਸਾਲ ਦੇ ਸਨ ਉਨ੍ਹਾਂ ਦੀ ਸਿਖਲਾਈ ਸ਼ੁਰੂ ਕੀਤੀ ਗਈ ਤੇ ਉਹ 104 ਸਾਲਾਂ ਦੀ ਉਮਰ ਤਕ ਦੌੜਦੇ ਰਹੇ ਤੇ ਸੰਸਾਰ ਪੱਧਰ ਦੇ ਕਈ ਖ਼ਿਤਾਬ ਆਪਣੇ ਨਾਮ ਕੀਤੇ।