ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਜਾਵੇਗੀ ਵਿਸ਼ੇਸ਼ ਦੀਪਮਾਲਾ
ਅੰਮ੍ਰਿਤਸਰ: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਇਸ ਵਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਤਿਸ਼ਬਾਜੀ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਫੈਸਲਾ ਸਿੱਖ ਮਰਯਾਦਾ ਅਤੇ ਇਤਿਹਾਸਕ ਪ੍ਰਸੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਦਰਅਸਲ, ਇਸ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਗੁਰੂਪੁਰਬ ਇੱਕੋ ਦਿਨ ਪੈ ਰਿਹਾ ਹੈ, ਜਿਸ ਕਰਕੇ ਖੁਸ਼ੀ ਦੇ ਪ੍ਰਤੀਕ ਵਜੋਂ ਕੀਤੀ ਜਾਣ ਵਾਲੀ ਆਤਿਸ਼ਬਾਜੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਹੈ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਸਿੱਖ ਇਤਿਹਾਸ ਦਾ ਬਹੁਤ ਹੀ ਸੰਵੇਦਨਸ਼ੀਲ ਅਤੇ ਗੰਭੀਰ ਅਧਿਆਇ ਹੈ। ਇਸ ਦਿਨ ਨੂੰ ਸੰਜੀਦਗੀ, ਸ਼ਰਧਾ ਅਤੇ ਸਮਰਪਣ ਨਾਲ ਮਨਾਉਣਾ ਹੀ ਗੁਰੂ ਘਰ ਦੀ ਮਰਯਾਦਾ ਅਨੁਸਾਰ ਹੈ। ਇਸ ਲਈ ਆਤਿਸ਼ਬਾਜੀ ਵਰਗੇ ਉਤਸਵਾਤਮਕ ਪ੍ਰੋਗਰਾਮਾਂ ਤੋਂ ਪਰਹੇਜ਼ ਕੀਤਾ ਜਾ ਰਿਹਾ ਹੈ।
ਹਾਲਾਂਕਿ, ਪ੍ਰਕਾਸ਼ ਪੁਰਬ ਦੀ ਖੁਸ਼ੀ ਅਤੇ ਰੌਣਕ ਨੂੰ ਦਰਸਾਉਣ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਦੀਪਮਾਲਾ ਅਤੇ ਜਲੋ ਸਾਹਿਬ ਸਜਾਏ ਜਾਣਗੇ। ਹਰਿਮੰਦਰ ਸਾਹਿਬ ਦੇ ਚਾਰਾਂ ਪਾਸਿਆਂ ਦੀ ਲਾਈਟਿੰਗ ਅਤੇ ਸਰੋਵਰ ਦੇ ਜਲ ਵਿੱਚ ਸਜਾਈ ਜਾਣ ਵਾਲੀ ਦੀਪਮਾਲਾ ਸ਼ਰਧਾਲੂਆਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਰਹੇਗੀ।
ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪਹੁੰਚਣਗੀਆਂ। ਗੁਰੂ ਘਰ ਵਿੱਚ ਅਖੰਡ ਪਾਠ ਸਾਹਿਬ, ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਸੰਗਤਾਂ ਵੱਲੋਂ ਇਸ ਫੈਸਲੇ ਦੀ ਸਾਰਾਹਨਾ ਕੀਤੀ ਜਾ ਰਹੀ ਹੈ ਅਤੇ ਇਸਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰਤੀ ਸੱਚੀ ਸ਼ਰਧਾਂਜਲੀ ਮੰਨਿਆ ਜਾ ਰਿਹਾ ਹੈ।
