
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵਲੋਂ ਕੈਪਟਨ ਸਰਕਾਰ ਵਲੋਂ ਚੋਣਾਂ ਦੌਰਾਨ ਸਾਰੇ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀ ਜਾਂ 2500 ਰੁਪਏ ਬੇਰੁਜਗਾਰੀ...
ਚੰਡੀਗੜ : ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵਲੋਂ ਕੈਪਟਨ ਸਰਕਾਰ ਵਲੋਂ ਚੋਣਾਂ ਦੌਰਾਨ ਸਾਰੇ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀ ਜਾਂ 2500 ਰੁਪਏ ਬੇਰੁਜਗਾਰੀ ਭੱਤਾ ਦੇਣ ਦੇ ਕੀਤੇ ਵਾਅਦੇ ਪੂਰੇ ਨਾਂ ਕਰਨ ਖਿਲਾਫ ਫਿਰੋਜਪੁਰ ਰੋਡ ਤੇ ਆਰਤੀ ਵਿਖੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।
ਰੋਸ ਪ੍ਰਦਰਸ਼ਨ ਦੀ ਅਗਵਾਈ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਮਾਲਵਾ ਜੋਨ ਦੇ ਪ੍ਰਧਾਨ ਅਮਨਦੀਪ ਮੋਹੀ ਅਤੇ ਜਿਲਾ ਯੂਥ ਪ੍ਰਧਾਨ ਲੁਧਿਆਣਾ (ਸ਼ਹਿਰੀ) ਅਮਰਿੰਦਰ ਸਿੰਘ ਜੱਸੋਵਾਲ ਵਲੋਂ ਕੀਤੀ ਗਈ।
ਯੂਥ ਵਿੰਗ ਦੇ ਅਹੁੱਦੇਦਾਰਾਂ ਅਤੇ ਵਲੰਟੀਅਰਾਂ ਨੇ ਹੱਥਾਂ ਵਿਚ ਸਰਕਾਰ ਵਿਰੁੱਧ ਲਿਖੇ ਨਾਹਰਿਆਂ ਵਾਲੀਆਂ ਤਖਤੀਆਂ ਫੜ ਕੇ ਸਰਕਾਰ ਵਿਰੁੱਧ ਜੋਰਦਾਰ ਨਾਹਰੇਬਾਜੀ ਕਰਕੇ ਸਰਕਾਰ ਤੋਂ ਬੇਰੁਜਗਾਰ ਨੌਜਵਾਨਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਗਈ। ਪ੍ਰਦਰਸਨ ਵਿਚ ਯੂਥ ਵਲੰਟੀਅਰਾਂ ਦੇ ਨਾਲ ਪਾਰਟੀ ਦੇ ਸੂਬਾ ਬੁਲਾਰਾ ਦਰਸ਼ਨ ਸਿੰਘ ਸ਼ੰਕਰ, ਜਿਲਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ, ਸੁਰੇਸ਼ ਗੋਇਲ, ਪ੍ਰੋ. ਤੇਜਪਾਲ ਸਿੰਘ ਗਿੱਲ, ਪੁਨੀਤ ਸਾਹਨੀ, ਮਾਸਟਰ ਹਰੀ ਸਿੰਘ,
ਦੁਪਿੰਦਰ ਸਿੰਘ, ਸੰਦੀਪ ਮਿਸਰਾ, ਮੰਨੂ ਸਰਮਾ, ਸਲਿੰਦਰ ਬਾੜੇਵਾਲ, ਸੋਨੂੰ ਕਲਿਆਣ, ਇੰਦਰਦੀਪ ਸਿੰਘ ਫਰੈਂਕੀ, ਸੁਰਿੰਦਰ ਕੁਮਾਰ, ਰਮੇਸ ਕਪੂਰ, ਨਰਿੰਦਰ ਕੋਰ ਭਾਰਾਜ, ਹਾਸਮ ਸੋਫੀ, ਗੁਰਪ੍ਰੀਤ ਖੋਸਾ ਵੀ ਸ਼ਾਮਿਲ ਹੋਏ । ਇਸ ਸਮੇਂ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਮਨਜਿੰਦਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਫਾਰਮ ਭਰਕੇ ਘਰ-ਘਰ ਨੌਕਰੀ ਦੇਣ ਜਾਂ 2500 ਰੁਪਏ ਮਹੀਨਾ ਬੇਰੁਜਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਸਰਕਾਰ ਬਣਨ ਉਪਰੰਤ ਸਰਕਾਰ ਇਸ ਤੋਂ ਪੂਰੀ ਤਰਾਂ ਮੁਕਰਕੇ ਧੋਖਾ ਕੀਤਾ।
ਉਨਾਂ ਮੰਗ ਕੀਤੀ ਕਿ ਸਰਕਾਰ ਪਿਛਲੇ 23 ਮਹੀਨਿਆਂ ਦੇ ਬੇਰੁਜਗਾਰੀ ਭੱਤੇ ਦੇ ਕਰੀਬ 28000 ਕਰੋੜ ਦੇ ਬਕਾਏ ਬੇਰੁਜਗਾਰ ਨੌਜਵਾਨਾਂ ਨੂੰ ਦੇਣ ਲਈ ਆਉਂਦੇ ਸਾਲ ਦੇ ਬਜਟ ਵਿਚ ਫੰਡਾਂ ਦਾ ਪ੍ਰਬੰਧ ਕਰੇ। ਸਿੱਧੂ ਨੇ ਐਲਾਨ ਕੀਤਾ ਨੌਜਵਾਨਾਂ ਦੀਆਂ ਮੰਗਾਂ ਮਨਵਾਉਣ ਲਈ ਯੂਥ ਵਿੰਗ ਵਲੋਂ ਸਾਰੇ ਜਿਲਿਆਂ ਵਿਚ ਆਉਂਦੇ ਸਮੇਂ ਵਿਚ ਅਜਿਹੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਅਮਨਦੀਪ ਮੋਹੀ ਅਤੇ ਅਮਰਿੰਦਰ ਜੱਸੋਵਾਲ ਨੇ ਰੋਸ ਪ੍ਰਦਰਸਨ ਵਿਚ ਭਾਰੀ ਤਾਦਾਦ ਵਿਚ ਸ਼ਾਮਿਲ ਹੋਣ ਆਏ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੂਥ ਵਿੰਗ ਨੂੰ ਹੋਰ ਮਜਬੂਤ ਕਰਨ ਲਈ ਹਲਕਾ ਅਤੇ ਮੁਹੱਲਾ ਪੱਧਰ ਤੇ ਮੀਟਿੰਗਾਂ ਸ਼ੁਰੂ ਕੀਤੀਆਂ ਜਾਣਗੀਆਂ।