
ਛਾਪੇ ਦੌਰਾਨ ਘਰ ਨਹੀਂ ਮਿਲ ਸਕਿਆ ਸਾਬਕਾ ਐਸ.ਐਚ.ਓ ਕੁਲਾਰ
ਚੰਡੀਗੜ੍ਹ : ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਐਸ.ਆਈ.ਟੀ ਵਲੋਂ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਇਸੇ ਮਾਮਲੇ ਵਿਚ ਨਾਮਜ਼ਦ ਬਾਜਾਖ਼ਾਨਾ ਦੇ ਤਤਕਾਲੀ ਐਸ.ਐਚ.ਓ ਅਮਰਜੀਤ ਸਿੰਘ ਕੁਲਾਰ ਦੇ ਘਰ ਸੀ.ਆਈ.ਏ ਸਟਾਫ਼ ਫਰੀਦਕੋਟ ਵਲੋਂ ਛਾਪਾ ਮਾਰਿਆ ਗਿਆ। ਜਾਣਕਾਰੀ ਮੁਤਾਬਕ ਇਹ ਛਾਪਾ ਇੰਸਪੈਕਟਰ ਨਰਿੰਦਰ ਸਿੰਘ ਦੀ ਅਗਵਾਈ ਵਿਚ ਮਾਰਿਆ ਗਿਆ।
CIA Staff
ਇਹ ਵੀ ਜਾਣਕਾਰੀ ਮਿਲੀ ਹੈ ਕਿ ਛਾਪੇ ਦੌਰਾਨ ਅਮਰਜੀਤ ਸਿੰਘ ਕੁਲਾਰ ਘਰ ਨਹੀਂ ਮਿਲ, ਜਿਸ ਕਾਰਨ ਪੁਲਿਸ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਕੁੱਝ ਪੁੱਛਗਿਛ ਕਰਨ ਤੋਂ ਬਾਅਦ ਖਾਲੀ ਹੱਥ ਪਰਤਣਾ ਪਿਆ। ਦੱਸ ਦਈਏ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ ਵਿਚ ਲਗਭਗ ਸਾਢੇ ਤਿੰਨ ਵਰ੍ਹੇ ਪਹਿਲਾਂ ਵਾਪਰੇ ਪੁਲਿਸ ਗੋਲੀਕਾਂਡ ਦੇ ਮਾਮਲੇ ਵਿਚ ਸਰਕਾਰ ਨੇ ਚਾਰ ਪੁਲਸ ਅਧਿਕਾਰੀਆਂ ਚਰਨਜੀਤ ਸ਼ਰਮਾ ਸਾਬਕਾ ਐੱਸਐੱਸਪੀ ਮੋਗਾ, ਫਾਜ਼ਿਲਕਾ ਦੇ ਤਤਕਾਲੀ ਐਸ.ਪੀ.ਡੀ ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਬਾਜਾਖ਼ਾਨਾ ਦੇ ਤਤਕਾਲੀ ਐਸ.ਐਚ.ਓ ਅਮਰਜੀਤ ਸਿੰਘ ਕੁਲਾਰ ਨੂੰ ਨਾਮਜ਼ਦ ਕੀਤਾ ਸੀ।
CIA Staff
ਇਸ ਗੋਲੀ ਕਾਂਡ ਵਿਚ ਦੋ ਸਿੱਖਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ। ਅਦਾਲਤ ਵਲੋਂ ਇਸ ਮਾਮਲੇ ਵਿਚ ਮੁਲਜ਼ਮਾਂ ਦੀ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਐਸ.ਆਈ.ਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨਾਮਜ਼ਦ ਪੁਲਿਸ ਅਧਿਕਾਰੀਆਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਸੀ ਪਰ ਵਿਦੇਸ਼ ਜਾਣ ਦੇ ਖ਼ਦਸ਼ੇ ਨੂੰ ਦੇਖਦਿਆਂ ਚਰਨਜੀਤ ਸ਼ਰਮਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਜ਼ਾਖ਼ਾਨਾ ਦੇ ਤਤਕਾਲੀ ਐਸ.ਐਚ.ਓ ਅਮਰਜੀਤ ਸਿੰਘ ਕੁਲਾਰ ਦੀ ਗ੍ਰਿਫ਼ਤਾਰੀ ਵੀ ਕਿਸੇ ਸਮੇਂ ਹੋ ਸਕਦੀ ਹੈ।