
ਬਠਿੰਡਾ ਪੁਲਿਸ ਅਜ ਉਸ ਸਮੇਂ ਚਰਚਾ ਵਿਚ ਆ ਗਈ ਜਦ ਪੈਰੋਲ 'ਤੇ ਆਏ ਇਕ ਕੈਦੀ ਨੂੰ ਘਰੋਂ ਜਬਰੀ ਚੁੱਕਣ ਦੀ ਵੀਡੀਉ ਵਾਈਰਲ ਹੋਣ ਤੋਂ ਬਾਅਦ ਸੈਸ਼ਨ ਕੋਰਟ ਦੇ ਆਦੇਸ਼ਾਂ..........
ਬਠਿੰਡਾ : ਬਠਿੰਡਾ ਪੁਲਿਸ ਅਜ ਉਸ ਸਮੇਂ ਚਰਚਾ ਵਿਚ ਆ ਗਈ ਜਦ ਪੈਰੋਲ 'ਤੇ ਆਏ ਇਕ ਕੈਦੀ ਨੂੰ ਘਰੋਂ ਜਬਰੀ ਚੁੱਕਣ ਦੀ ਵੀਡੀਉ ਵਾਈਰਲ ਹੋਣ ਤੋਂ ਬਾਅਦ ਸੈਸ਼ਨ ਕੋਰਟ ਦੇ ਆਦੇਸ਼ਾਂ 'ਤੇ ਜੱਜ ਹਰਜਿੰਦਰ ਸਿੰਘ ਵਲੋਂ ਸੀਆਈਏ ਦਫ਼ਤਰ 'ਚ ਛਾਪਾਮਾਰੀ ਕੀਤੀ ਗਈ। ਸੂਚਨਾ ਮੁਤਾਬਕ ਪਿੰਡ ਮੰਡੀ ਕਲਾਂ ਦਾ ਵਿਸ਼ਾਲ ਸ਼ਰਮਾ ਪੁੱਤਰ ਚਰਨਜੀਤ ਸ਼ਰਮਾ ਸਥਾਨਕ ਕੇਂਦਰੀ ਜੇਲ ਵਿਚ ਨਸ਼ਿਆਂ ਦੇ ਮਾਮਲੇ 'ਚ 10 ਸਾਲ ਦੀ ਕੈਦ ਕੱਟ ਰਿਹਾ ਹੈ। ਬੀਤੇ ਕੱਲ ਹੀ ਉਹ ਪੈਰੋਲ ਉਪਰ ਜੇਲ ਵਿਚੋਂ ਇਕ ਮਹੀਨੇ ਦੀ ਛੁੱਟੀ 'ਤੇ ਆਇਆ ਹੋਇਆ ਹੈ। ਸੂਚਨਾ ਮੁਤਾਬਕ ਸੀਆਈਏ-1 ਨੂੰ ਇਤਲਾਹ ਹੋਈ ਸੀ
ਕਿ ਵਿਸ਼ਾਲ ਨੇ ਕਥਿਤ ਤੌਰ 'ਤੇ ਦੁਬਾਰਾ ਫਿਰ ਨਸ਼ਿਆਂ ਦੀ ਸਪਲਾਈ ਸ਼ੁਰੂ ਕਰ ਦਿਤੀ। ਸੀਆਈਏ-1 ਦੇ ਥਾਣੇਦਾਰ ਜਗਤਾਰ ਸਿੰਘ ਅੱਜ ਸਵੇਰੇ ਉਸ ਨੂੰ ਸਿਵਲ ਵਰਦੀ 'ਚ ਪੁਲਿਸ ਪਾਰਟੀ ਨਾਲ ਘਰੋਂ ਗ੍ਰਿਫ਼ਤਾਰ ਕਰਨ ਚਲੇ ਗਏ। ਪ੍ਰੰਤੂ ਵਿਸ਼ਾਲ ਤੋਂ ਇਲਾਵਾ ਪਰਵਾਰ ਤੇ ਹੋਰ ਮੁਹੱਲੇ ਵਾਲਿਆਂ ਨੇ ਇਸ ਦਾ ਵਿਰੋਧ ਕਰਦਿਆਂ ਧੱਕੇਸ਼ਾਹੀ ਕਰਦੀ ਪੁਲਿਸ ਪਾਰਟੀ ਦੀ ਵੀਡੀਉ ਬਣਾ ਲਈ। ਵੀਡੀਉ ਵਿਚ ਵਿਸ਼ਾਲ ਦੇ ਪਰਵਾਰ ਦੀ ਇਕ ਔਰਤ ਵਲੋਂ ਪੁਲਿਸ ਪਾਰਟੀ ਉਪਰ ਬਦਸਲੂਕੀ ਕਰਨ ਤੇ ਕੱਪੜੇ ਪਾੜਨ ਦੇ ਵੀ ਦੋਸ਼ ਲਗਾਏ ਜਾ ਰਹੇ ਹਨ।
ਘਟਨਾ ਤੋਂ ਬਾਅਦ ਅੱਜ ਸਵੇਰੇ ਵਿਸ਼ਾਲ ਦਾ ਪਿਤਾ ਚਰਨਜੀਤ ਸ਼ਰਮਾ ਅਪਣੇ ਵਕੀਲ ਰਾਹੀਂ ਸਥਾਨਕ ਜ਼ਿਲ੍ਹਾ ਤੇ ਸੈਸਨ ਜੱਜ ਦੀ ਕੋਰਟ ਵਿਚ ਪੇਸ਼ ਹੋ ਗਿਆ, ਜਿਥੇ ਉਸ ਨੂੰ ਨਾ ਸਿਰਫ਼ ਪੁਲਿਸ ਵਲੋਂ ਵਿਸ਼ਾਲ ਨੂੰ ਜਬਰੀ ਬਿਨਾਂ ਕਿਸੇ ਪਰਚੇ ਤੋਂ ਚੁੱਕਣ ਅਤੇ ਕੁੱਟਮਾਰ ਦਾ ਦੋਸ਼ ਲਗਾਇਆ। ਸੈਸ਼ਨ ਜੱਜ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਡਿਊਟੀ ਮੈਜਿਸਟਰੇਟ ਹਰਜਿੰਦਰ ਸਿੰਘ ਨੂੰ ਤੁਰਤ ਸੀਆਈਏ-1 ਵਿਚ ਛਾਪੇਮਾਰੀ ਕਰਨ ਦੇ ਆਦੇਸ਼ ਦਿਤੇ। ਹਾਲਾਂਕਿ ਛਾਪਾਮਾਰੀ ਦੌਰਾਨ ਡਿਊਟੀ ਮੈਜਿਸਟਰੇਟ ਨੂੰ ਵਿਸ਼ਾਲ ਸ਼ਰਮਾ ਉਥੇ ਨਹੀਂ ਮਿਲਿਆ, ਪ੍ਰੰਤੂ ਪਰਵਾਰ ਨੇ ਦੋਸ਼ ਲਗਾਇਆ ਕਿ ਵਿਸ਼ਾਲ ਦੇ ਪਿਤਾ ਦੁਆਰਾ ਪੁਲਿਸ ਵਲੋਂ ਕੀਤੀ ਕਾਰਵਾਈ ਵਿਰੁਧ
ਅਦਾਲਤ ਵਿਚ ਪੇਸ਼ ਹੋਣ ਦੀ ਭਿਣਕ ਪੁਲਿਸ ਨੂੰ ਪਹਿਲਾਂ ਹੀ ਪੈ ਗਈ ਸੀ, ਜਿਸ ਦੇ ਚਲਦੇ ਪੁਲਿਸ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਵਿਸ਼ਾਲ ਨੂੰ ਬਾਹਰ ਲਿਜਾ ਕੇ ਛੱਡ ਦਿਤਾ। ਬਾਅਦ ਵਿਚ ਘਰ ਪੁੱਜੇ ਵਿਸ਼ਾਲ ਅਤੇ ਉਸ ਦੇ ਪਰਵਾਰ ਵਾਲਿਆਂ ਨੇ ਸੀਆਈਏ ਸਟਾਫ਼ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਉਪਰ ਭਾਰੀ ਕੁੱਟਮਾਰ ਦੇ ਵੀ ਦੋਸ਼ ਲਗਾਏ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਆਈਏ ਦੇ ਮੁਖੀ ਨੂੰ 23 ਜੁਲਾਈ ਨੂੰ ਅਦਾਲਤ ਵਿਚ ਤਲਬ ਕਰ ਲਿਆ ਹੈ।
ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਜਾਂਚ: ਐਸਐਸਪੀ ਜ਼ਿਲ੍ਹੇ ਦੇ ਐਸ.ਐਸ.ਪੀ ਡਾ ਨਾਨਕ ਸਿੰਘ ਨੇ ਦਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਤੇ ਇਸ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪੜਤਾਲ ਤੋਂ ਬਾਅਦ ਜੋ ਵੀ ਦੋਸ਼ੀ ਸਾਬਤ ਹੋਇਆ, ਉਸ ਵਿਰੁਧ ਕਾਰਵਾਈ ਹੋਵੇਗੀ।