
ਖ਼ਬਰਾਂ ਆਈਆਂ ਹਨ ਕਿ ਪੰਜਾਬ ਦੇ 5 ਸੰਸਦ ਮੈਂਬਰਾਂ ਨੇ ਉਹਨਾਂ ਦੇ ਦੌਰੇ ਦਾ ਬਾਈਕਾਟ ਕੀਤਾ ਹੈ ਜਦਕਿ ਇਹਨਾਂ ਖ਼ਬਰਾਂ ਨੂੰ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਨਕਾਰਿਆ ਹੈ।
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮਿਸ਼ਨ ਪੰਜਾਬ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਰਾਹੁਲ ਗਾਂਧੀ ਨੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਇਸ ਮੌਕੇ ਉਹਨਾਂ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਣੇ ਕਾਂਗਰਸੀ ਉਮੀਦਵਾਰ ਵੀ ਸ਼ਾਮਲ ਸਨ ਪਰ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਜਸਬੀਰ ਡਿੰਪਾ, ਪਰਨੀਤ ਕੌਰ ਤੇ ਮੁਹੰਮਦ ਸਦੀਕ ਉਹਨਾਂ ਦਾ ਸਵਾਗਤ ਕਰਨ ਨਹੀਂ ਪਹੁੰਚੇ। ਹਾਲਾਂਕਿ ਖ਼ਬਰਾਂ ਆਈਆਂ ਹਨ ਕਿ ਪੰਜਾਬ ਦੇ 5 ਸੰਸਦ ਮੈਂਬਰਾਂ ਨੇ ਉਹਨਾਂ ਦੇ ਦੌਰੇ ਦਾ ਬਾਈਕਾਟ ਕੀਤਾ ਹੈ ਜਦਕਿ ਇਹਨਾਂ ਖ਼ਬਰਾਂ ਨੂੰ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਨਕਾਰਿਆ ਹੈ।
ਜਦੋਂ ਇਸ ਬਾਰੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਖ਼ਬਰਾਂ ਬਿਲਕੁਲ ਗਲਤ ਹਨ। ਉਹਨਾਂ ਦੱਸਿਆ ਕਿ ਕਈ ਕਾਂਗਰਸੀ ਉਮੀਦਵਾਰਾਂ ਦੇ ਨਾਂਅ ਤੈਅ ਹੋਣੇ ਬਾਕੀ ਹਨ, ਇਸ ਲਈ ਕਈ ਸੰਸਦ ਮੈਂਬਰ ਇਸ ਸਮੇਂ ਦਿੱਲੀ ਵਿਚ ਹਨ ਜਦਕਿ ਕਈ ਸੰਸਦ ਮੈਂਬਰ ਇਸ ਲਈ ਨਹੀਂ ਪਹੁੰਚ ਸਕੇ ਕਿਉਂਕਿ ਉਹਨਾਂ ਦੇ ਹਲਕਿਆਂ ਵਿਚ ਕਈ ਉਮੀਦਵਾਰਾਂ ਨੇ ਅਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸਨ।
ਰਵਨੀਤ ਬਿੱਟੂ ਨੇ ਦੱਸਿਆ ਕਿ ਉਹਨਾਂ ਵਲੋਂ ਉਮੀਦਵਾਰਾਂ ਦੀ ਨਾਮਜ਼ਦਗੀ ਦਾਖਲ ਕਰਵਾਉਣ ਤੋਂ ਬਾਅਦ ਜਲੰਧਰ ਰੈਲੀ ਵਿਚ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਰਵਨੀਤ ਬਿੱਟੂ ਨੇ ਦੱਸਿਆ ਕਿ ਜਸਬੀਰ ਡਿੰਪਾ ਇਸ ਸਮੇਂ ਦਿੱਲੀ ਵਿਚ ਹਨ ਅਤੇ ਅਸੀਂ ਹਰ ਹਾਲ ਵਿਚ ਅਪਣੀ ਪਾਰਟੀ ਦੇ ਨਾਲ ਹਾਂ। ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀਆਂ ਵਿਚ ਰਾਹੁਲ ਗਾਂਧੀ ਦਾ ਖੌਫ ਹੈ, ਇਸ ਲਈ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਇਸ ਤੋਂ ਬਾਅਦ ਅਪਣਾ ਸਪੱਸ਼ਟੀਕਰਨ ਦਿੰਦਿਆਂ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਉਹ ਅਪਣੇ ਨਿੱਜੀ ਕੰਮਾਂ ਕਾਰਨ ਅੰਮ੍ਰਿਤਸਰ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ ਅਤੇ ਇਸ ਲਈ ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ 117 ਵਿਧਾਨ ਸਭਾ ਹਲਕਿਆਂ ਤੋਂ ਸਿਰਫ਼ ਕਾਂਗਰਸੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ, ਸੰਸਦ ਮੈਂਬਰਾਂ ਨੂੰ ਨਹੀਂ, ਇਸ ਲਈ ਕੋਈ ਬਾਈਕਾਟ ਨਹੀਂ ਹੋਇਆ।