
ਡੀਸੀ ਅਤੇ ਬੀਐੱਸਐੱਫ ਦੇ ਪੁਲਿਸ ਅਧਿਕਾਰੀਆਂ ਵਲੋਂ ਮੀਟਿੰਗ ,ਕਰਤਾਰਪੁਰ ਲਾਂਘੇ ਤੇ ਅਸਰ ਪੈਣ ਦਾ ਖ਼ਦਸ਼ਾ...
ਗੁਰਦਾਸਪੁਰ : ਭਾਰਤ ਵਲੋਂ ਮੰਗਲਵਾਰ ਤੜਕਸਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਸਥਿਤ ਦਹਿਸ਼ਤਗਰਦਾਂ ਦੇ ਟਿਕਾਣਿਆਂ ਤੇ ਕੀਤੀ ਫੌਜੀ ਕਾਰਵਾਈ ਮਗਰੋਂ ਪੈਦਾਂ ਹੋਏ ਹਾਲਾਤ ਦੇ ਮੱਦੇਨਜ਼ਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਚ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਅੱਜ ਸਵੇਰੇ ਤਿਬੜੀ ਛਾਉਣੀ ਵਿਚ ਫ਼ੌਜ ਅਤੇ ਬੀਐਸਐੱਫ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਇਸ ਵਿਚ ਐੱਸਐੱਸਪੀ ਸਵਰਨਦੀਪ ਸਿੰਘ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਦੋਵਾਂ ਮੁਲਕਾਂ ਚ ਜੰਗ ਦੇ ਖ਼ਦਸੇ ਨੂੰ ਵੇਖਦਿਆ ਇਹ ਮੀਟਿੰਗ ਬੁਲਾਈ ਗਈ ਸੀ।
ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਸਰਹੱਦ ਨੇੜੇ ਤਾਇਨਾਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸਿਵਲ ਸਰਜਨ ਗੁਰਦਾਸਪੁਰ ਨੂੰ ਪੈਰਾ ਮੈਡੀਕਲ ਸਟਾਫ਼ ਤਿਆਰ ਰਖਣ ਦੀ ਹਦਾਇਤ ਕੀਤੀ ਗਈ ਹੈ। ਸਰਹੱਦ ਤੇ ਸਥਿਤ ਸੰਵੇਦਨਸ਼ੀਲ ਥਾਵਾਂ ਤੇ ਬੀਐੱਸਐੱਫ ਵੀ ਪੂਰੀ ਚੌਕਸੀ ਵਰਤ ਰਹੀ ਹੈ। ਐੱਸਐੱਸਪੀ ਸਵਰਨਦੀਪ ਸਿੰਘ ਵਲੋਂ ਵੀ ਪੁਲੀਸ਼ ਜ਼ਿਲ੍ਹੇ ਦੇ ਸਮੂਹ ਥਾਣਿਆਂ ਦੇ ਮੁਖੀਆਂ ਨਾਲ ਅੱਜ ਸਵੇਰੇ ਮੀਟਿੰਗ ਕੀਤੀ ਗਈ।
ਗੁਰਦਾਸਪੁਰ ਦੇ ਨਾਲ ਲਗਦੇ ਪਠਾਨਕੋਟ ਜ਼ਿਲ੍ਹੇ ਦੇ ਹਵਾਈ ਅੱਡੇ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਹੈ। ਕੌਮਾਤਰੀ ਸਰਹੱਦ ਨਜ਼ਦੀਕ ਡੇਰਾ ਬਾਬਾ ਨਾਨਕ ਦੇ ਇਲਾਕੇ ਵਿਚ ਸ਼ਾਮ ਦੇ ਸਮੇਂ ਭਾਰਤੀ ਫ਼ੌਜ ਦੀ ਸਰਗਰਮੀ ਦੇਖੀ ਗਈ। ਫ਼ੌਜ ਵਲੋਂ ਕਸਬਾ ਡੇਰਾ ਬਾਬਾ ਨਾਨਕ ਦੇ ਬਾਹਰਵਾਰ ਇਕ ਗੋਦਾਮ ਅਤੇ ਇਲਾਕੇ ਦੇ ਦੋ ਸਕੂਲਾਂ ਵਿਚ ਡੇਰਾ ਲਾਇਆ ਗਿਆ ਹੈ। ਇਕ ਅਧਿਕਾਰੀ ਅਨੁਸਾਰ ਜੋ ਦੋਵਾਂ ਮੁਲਕਾਂ ਦਰਮਿਆਨ ਤਣਾਅ ਬਰਕਰਾਰ ਰਹਿੰਦਾ ਹੈ ਤਾਂ ਇਸ ਦਾ ਅਸਰ ਕਰਤਾਰਪੁਰ ਲਾਂਘੇ ਦੇ ਕੰਮ ‘ਤੇ ਪੈ ਸਕਦਾ ਹੈ।