
'ਆਪ' ਅਤੇ ਅਕਾਲੀ ਦਲ ਦੀ ਖਹਿਬਾਜ਼ੀ ਦਾ ਸਰਕਾਰੀ ਧਿਰ ਮਜ਼ਾ ਲੈਂਦੀ ਰਹੀ ਮੰਦੀ ਭਾਸ਼ਾ ਦੀ ਵਰਤੋਂ ਨੇ ਹੱਦ ਬੰਨੇ ਟੱਪੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸਮਾਗਮ ਵਿਚ ਵਿਰੋਧੀ ਧਿਰ, ਆਪਸੀ ਫੁੱਟ ਅਤੇ ਏਕਤਾ ਦੀ ਘਾਟ ਕਾਰਨ ਸਰਕਾਰ ਨੂੰ ਜਨਤਕ ਮੁੱਦਿਆਂ 'ਤੇ ਘੇਰਨ 'ਚ ਅਸਫ਼ਲ ਰਹੀ। ਬਲਕਿ ਵਿਰੋਧੀ ਧਿਰ ਦੀ ਫੁੱਟ ਕਾਰਨ, ਸੱਤਾਧਾਰੀ ਮੈਂਬਰ ਕਈ ਵਾਰ ਆਰਾਮ ਨਾਲ ਬੈਠ ਕੇ 'ਆਪ' ਅਤੇ ਅਕਾਲੀ ਦਲ ਦੀ ਆਪਸੀ ਨੋਕ ਝੋਕ ਦਾ ਆਨੰਦ ਮਾਣਦੇ ਰਹੇ। ਹਾਊੁਸ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਗ਼ੈਰ ਮੌਜੁਦਗੀ ਵੀ ਪੂਰੀ ਤਰ੍ਹਾਂ ਖੱਟਕਦੀ ਰਹੀ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਿਰਫ਼ ਬਜਟ ਸਮਾਗਮ ਦੇ ਅਖ਼ੀਰਲੇ ਦਿਨ ਮੰਤਰੀ, ਭਾਰਤ ਭੂਸ਼ਣ ਆਸ਼ੂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸਰਕਾਰ ਨੂੰ ਘੇਰਿਆ।
ਇਹ ਮੁੱਦਾ ਚੰਗਾ ਗਰਮਾਇਆ ਪ੍ਰੰਤੂ ਇਸ ਮਾਮਲੇ ਨੂੰ ਕਿਸੇ ਅੰਜਾਮ ਤਕ ਨਾ ਲਿਜਾ ਸਕੇ ਅਤੇ ਅਧੂਰਾ ਹੀ ਛੱਡ ਦਿਤਾ। ਸਰਕਾਰੀ ਧਿਰ ਇਸ ਲਈ ਵੀ ਬਚੀ ਰਹੀ ਕਿ ਜੇਕਰ ਅਕਾਲੀ ਦਲ ਦੇ ਮੈਂਬਰ ਸਰਕਾਰ ਵਿਰੁਧ ਕੋਈ ਮਾਮਲਾ ਉਠਾਉਂਦੇ ਅਤੇ ਸਰਕਾਰੀ ਧਿਰ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਤਾਂ 'ਆਪ' ਦੇ ਮੈਂਬਰ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਅਕਾਲੀ ਦਲ ਦੇ ਮੈਂਬਰਾਂ ਨੂੰ ਘੇਰਨ ਲੱਗ ਪੈਂਦੇ ਅਤੇ ਸੱਤਾਧਾਰੀ ਧਿਰ ਇਸ ਦਾ ਆਨੰਦ ਮਾਣਦੇ। ਦੋਹਾਂ ਵਿਰੋਧੀ ਪਾਰਟੀਆਂ ਦੀ ਆਪਸੀ ਤੂੰ ਤੂੰ ਮੈਂ ਮੈਂ 'ਤੇ ਮੁਸਕਰਾਉਂਦੇ। ਅਖ਼ੀਰ ਅਕਾਲੀ ਦਲ ਨੇ ਵੀ ਆਪ ਵਿਰੁਧ ਹਮਲਾਵਰ ਰੁਖ਼ ਅਪਣਾ ਲਿਆ ਅਤੇ ਆਪ ਨੂੰ ਸਰਕਾਰ ਦੀ ਬੀ ਟੀਮ ਕਹਿਣਾ ਆਰੰਭ ਦਿਤਾ।
ਸੁਖਪਾਲ ਸਿੰਘ ਖਹਿਰਾ ਦੀ ਗ਼ੈਰ ਹਾਜ਼ਰੀ ਕਾਰਨ ਬੈਂਸ ਭਰਾ ਵੀ ਇਕੱਠੇ ਪੈ ਗਏ ਅਤੇ ਉਨ੍ਹਾਂ ਦਾ ਉਹ ਹਮਲਾਵਰ ਰੁਖ਼ ਜੋ ਦੋ ਸਾਲ ਪਹਿਲਾਂ ਸੀ ਖੁੰਡਾ ਪੈ ਗਿਆ ਅਤੇ ਹੁਣ ਉਹ ਬਚ ਬਚਾ ਕੇ ਬੋਲਣ ਲੱਗੇ। ਜ਼ਿਆਦਾਤਰ ਅਕਾਲੀ ਦਲ ਵਲੋਂ ਸਰਕਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਘੇਰਨ ਲਈ ਯਤਨ ਕੀਤੇ ਗਏ ਪ੍ਰੰਤੂ ਉਨ੍ਹਾਂ ਦੇ ਮੈਂਬਰਾਂ ਦੀ ਘੱਟ ਸੰਖਿਆ ਅਤੇ 'ਆਪ' ਦੇ ਅਕਾਲੀ ਮੈਂਬਰਾਂ ਦੇ ਵਿਰੋਧ ਕਾਰਨ ਸਰਕਾਰ ਵਿਰੋਧੀ ਹਮਲੇ ਹਮੇਸ਼ਾ ਖੁੰਡੇ ਹੁੰਦੇ ਰਹੇ। 'ਆਪ' ਦੇ ਮੈਂਬਰ ਬਜਟ ਦੀਆਂ ਤਕਨੀਕੀ ਗੁੰਝਲਾਂ ਤੋਂ ਵੀ ਕੋਰੇ ਸਨ, ਇਸ ਲਈ ਉਹ ਹਮੇਸ਼ਾ ਕੋਈ ਨਾ ਕੋਈ ਵਕਤੀ ਮੁੱਦਾ ਉਠਾ ਕੇ ਕੰਮ ਚਲਾਉਂਦੇ ਰਹੇ।
ਅਕਾਲੀ ਦਲ ਵਲੋਂ ਤੱਥਾਂ ਅਤੇ ਅੰਕੜਿਆਂ ਦੇ ਆਧਾਰ ਉਪਰ ਮੁੱਦੇ ਚੁਕੇ ਜਾਂਦੇ ਪ੍ਰੰਤੂ ਉਨ੍ਹਾਂ ਦੀ ਘੱਟ ਗਿਣਤੀ ਅਤੇ 'ਆਪ' ਦਾ ਸਾਥ ਮਿਲਣ ਕਾਰਨ ਉਨ੍ਹਾਂ ਦੇ ਹਮਲੇ ਵੀ ਨਿਰਅਸਰ ਹੁੰਦੇ ਰਹੇ। ਜੇਕਰ ਅਕਾਲੀ ਦਲ ਦੇ ਮੈਂਬਰ ਸਰਕਾਰੀ ਬੈਂਚਾਂ ਨੂੰ ਘੇਰਨ ਲਈ ਯਤਨ ਕਰਦੇ ਤਾਂ ਕਾਂਗਰਸ ਦੇ ਦੋ ਮੰਤਰੀ ਅਤੇ 4-5 ਵਿਧਾਇਕ ਤਿੱਖੇ ਤੇਵਰ ਅਤੇ ਮੰਦੀ ਭਾਸ਼ਾ ਦਾ ਇਸਤੇਮਾਲ ਕਰ ਕੇ ਮਸਲੇ ਨੂੰ ਹੋਰ ਪਾਸੇ ਲੈ ਜਾਂਦੇ। ਕਈ ਵਾਰ ਤਾਂ ਅਕਾਲੀ ਮੈਂਬਰਾਂ ਖ਼ਾਸ ਕਰ ਕੇ ਬਾਦਲਾਂ ਅਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਬਹੁਤ ਮੰਦੀ ਭਾਸ਼ਾ ਵਰਤੀ ਜਾਂਦੀ।
ਉਨ੍ਹਾਂ ਨੂੰ ਵੇਖ ਲੈਣ ਦੀਆਂ ਧਮਕੀਆਂ, ਉਕਸਾਉਣ ਵਾਲੇ ਇਸ਼ਾਰੇ ਅਤੇ ਗਾਲੀ ਗਲੋਚ ਦੀ ਪਧਰ ਤਕ ਆ ਜਾਂਦੇ। ਦੋ ਵਾਰ ਤਾਂ ਸਥਿਤੀ ਹੱਥੋਪਾਈ ਤਕ ਪੁੱਜ ਗਈ ਅਤੇ ਹਾਲਾਤ ਨਾਜ਼ਕ ਹੋਣ ਕਾਰਨ ਸਪੀਕਰ ਨੇ ਹਾਊਸ ਮੁਅੱਤਲ ਕਰ ਕੇ ਸਥਿਤੀ ਨੂੰ ਵਿਗੜਨ ਤੋਂ ਬਚਾਇਆ ਜਿਥੋਂ ਤਕ ਹਾਊੁਸ ਦੀ ਕਾਰਵਾਈ ਚਲਣ ਦਾ ਸਬੰਧ ਹੈ, ਬਹੁਤ ਨੀਵੇਂ ਪਧਰ 'ਤੇ ਪੁੱਜ ਗਈ ਹੈ। ਵਿਰੋਧੀ ਧਿਰ ਦੀ ਇਹ ਡਿਊਟੀ ਹੈ ਕਿ ਹਾਊਸ ਵਿਚ ਜਨਤਾ ਦੇ ਮੁੱਦੇ ਉਠਾਵੇ ਅਤੇ ਸਰਕਾਰ ਨੂੰ ਵੱਖ-ਵੱਖ ਮੁੱਦਿਆਂ 'ਤੇ ਘੇਰੇ। ਸਰਕਾਰ ਦਾ ਇਹ ਫ਼ਰਜ਼ ਹੈ ਕਿ ਉਹ ਅੰਕੜਿਆਂ ਅਤੇ ਤੱਥਾਂ ਦੇ ਆਧਾਰ 'ਤੇ ਵਿਰੋਧੀ ਧਿਰ ਦੇ ਹਮਲਿਆਂ ਨੂੰ ਰੋਕੇ।
ਅਪਣੀਆਂ ਪ੍ਰਾਪਤੀਆਂ ਹਾਊੁਸ ਵਿਚ ਰੱਖ ਕੇ ਵਿਰੋਧੀਆਂ ਦੇ ਹਮਲੇ ਖੁੰਡੇ ਕਰੇ। ਪ੍ਰੰਤੂ ਇਸ ਸਮਾਗਮ ਵਿਚ ਅੰਕੜਿਆਂ ਜਾਂ ਤੱਥਾਂ ਦੀ ਦਲੀਲ ਦੀ ਬਜਾਏ ਮੰਦੀ ਸ਼ਬਦਾਵਲੀ ਅਤੇ ਧਮਕੀਆਂ ਉਪਰ ਜ਼ਿਆਦਾ ਜ਼ੋਰ ਦਿਤਾ ਗਿਆ। ਜੇਕਰ ਪਿਛਲੇ 5 ਦਹਾਕਿਆਂ ਦੇ ਸਮੇਂ ਵਲ ਵੇਖਿਆ ਜਾਵੇ ਤਾਂ ਲਛਮਣ ਸਿੰਘ ਗਿੱਲ ਦੀ ਸਰਕਾਰ ਸਮੇਂ ਹਾਊਸ ਵਿਚ ਕੁੱਟਮਾਰ ਅਤੇ ਪੱਗਾਂ ਲੱਥੀਆਂ ਸਨ। ਉਸ ਤੋਂ ਬਾਅਦ ਪੰਜਾਬ ਵਿਚ ਬਹੁਤ ਹੀ ਗੰਭੀਰ ਅਤੇ ਦੁਖਦਾਈ ਮੌਕੇ ਵੀ ਆਏ ਪ੍ਰੰਤੂ ਹਾਊਸ ਵਿਚ ਗਾਲੀ ਗਲੋਚ ਜਾਂ ਮੰਦੀ ਭਾਸ਼ਾ ਦਾ ਪ੍ਰਯੋਗ ਨਹੀਂ ਸੀ ਹੁੰਦਾ ਬਲਕਿ ਤਿੱਖੇ ਸਿਆਸੀ ਹਮਲੇ ਹੁੰਦੇ, ਇਤਿਹਾਸਕ ਤੱਥ ਰੱਖੇ ਜਾਂਦੇ ਅਤੇ ਤੱਥਾਂ ਉਪਰ ਆਧਾਰਤ ਬਹਿਸ ਹੁੰਦੀ।
ਸ. ਦਰਬਾਰਾ ਸਿੰਘ ਅਤੇ ਰਵੀਇੰਦਰ ਸਿੰਘ ਜਦ ਸਪੀਕਰ ਰਹੇ ਤਾਂ ਹਮੇਸ਼ਾ ਵਿਰੋਧੀ ਧਿਰ ਦੇ ਮੈਂਬਰਾਂ ਦਾ ਸਾਥ ਦਿੰਦੇ ਅਤੇ ਸਰਕਾਰੀ ਧਿਰ ਅਤੇ ਮੰਤਰੀਆਂ ਦੀ ਕਈ ਵਾਰ ਖਿਚਾਈ ਵੀ ਕਰਦੇ ਸਨ। ਇਸ ਤਰ੍ਹਾਂ ਦੀ ਫ਼ਰਾਖ਼ਦਿਲੀ ਦੀ ਪਿਛਲੇ ਲੰਮੇ ਸਮੇਂ ਤੋਂ ਘਾਟ ਮਹਿਸੂਸ ਹੋ ਰਹੀ ਹੈ। ਇੰਨੀ ਮੰਦੀ ਸ਼ਬਦਾਵਲੀ ਦੀ ਵਰਤੋਂ ਸੱਤਾਧਾਰੀ ਦੇ ਕੁੱਝ ਮੈਂਬਰਾਂ ਵਲੋਂ ਵਰਤੀ ਗਈ ਜੇ ਉਹ ਰੀਕਾਰਡ ਵਿਚੋਂ ਨਾ ਕੱਢੀ ਜਾਂਦੀ ਤਾਂ ਮੈਂਬਰ ਉਸ ਨੂੰ ਪੜ੍ਹ ਕੇ ਖ਼ੁਦ ਹੀ ਸ਼ਰਮਸਾਰ ਹੁੰਦੇ। ਅਸਲ ਵਿਚ ਨਵਜੋਤ ਸਿੰਘ ਸਿੱਧੂ ਦੀ ਬਾਦਲਾਂ ਨਾਲ ਪੁਰਾਣੀ ਰੜਕ ਵੀ ਹਾਊਸ ਦੇ ਹਾਲਾਤ ਵਿਗੜਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਰਹੀ।