
ਪ੍ਰਿਤਪਾਲ ਗਿੱਲ ਦਾ ਕਾਵਿ ਸੰਗ੍ਰਹਿ “ਉਕਾਬ ਵਾਂਗ ਉੱਡ” ਭੁਪਿੰਦਰ ਸਿੰਘ ਹੁੱਡਾ ਵੱਲੋਂ ਚੰਡੀਗੜ੍ਹ ਵਿਖੇ ਲੋਕ ਅਰਪਣ...
ਚੰਡੀਗੜ੍ਹ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਉਹ ਪੰਜਾਬੀ ਮਾਂ ਬੋਲੀ ਦਾ ਪੂਰਾ ਸਤਿਕਾਰ ਕਰਦੇ ਹਨ ਤੇ ਪੰਜਾਬੀ ਬੋਲੀ ਨੂੰ ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਰਚਿਤ ਕਰਦਿਆਂ ਨਿਵਾਜਿਆ ਗਿਆ ਹੈ। ਇਹ ਗੱਲ ਉਨ੍ਹਾਂ ਕਨੇਡਾ ਦੇ ਸਰੀ ਸ਼ਹਿਰ ਵਿੱਚ ਵਸਦੇ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਪ੍ਰਿਤਪਾਲ ਗਿੱਲ ਦਾ ਪੰਜਵਾਂ ਕਾਵਿ ਸੰਗ੍ਰਹਿ “ ਉਕਾਬ ਵਾਂਗ ਉੱਡ” ਦੇ ਲੋਕ ਅਰਪਣ ਸਮਾਰੋਹ ਮੌਕੇ ਆਖੀ।
ਇਸ ਮੌਕੇ ਸੈਕਟਰ 3 ਚੰਡੀਗੜ੍ਹ ਵਿਖੇ ਐਡਵੋਕੇਟ ਗੁਰਪ੍ਰਤਾਪ ਸਿੰਘ ਗਿੱਲ ਦੀ ਮੇਜ਼ਬਾਨੀ ਹੇਠ ਰਚਾਏ ਪ੍ਰਭਾਵਸ਼ਾਲੀ ਉੱਪਰਲੀਆਂ ਹਸਤੀਆਂ ਦੀ ਸ਼ਮੂਲੀਅਤ ਭਰੇ ਸਮਾਗਮ ਦੌਰਾਨ ਹਰਿਆਣਾ ਦੇ ਦੋ ਵਾਰ ਰਹਿ ਚੁੱਕੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ ਸੇਵਾ ਮੁਕਤ ਜੱਜ ਸ. ਅਵਤਾਰ ਸਿੰਘ ਗਿੱਲ, ਐਡਵੋਕੇਟ ਬੀ .ਐਸ ਢਿੱਲੋਂ, ਫ਼ਿਲਮੀ ਐਕਟਰ ਸ਼ਮਿੰਦਰ ਮਾਹਲ, ਉੱਘੇ ਗੀਤਕਾਰ ਸ਼ਮਸ਼ੇਰ ਸੰਧੂ ਦੀ ਹਾਜ਼ਰੀ ਇਸ ਸਮਾਗਮ ਦੀ ਸ਼ਾਨ ਬਣੀ।
ਸ਼੍ਰੀ ਹੁੱਡਾ ਵੱਲੋਂ ਪੁਸਤਕ ਰੀਲੀਜ਼ ਕਰਨ ਉਪਰੰਤ ਪ੍ਰਿਤਪਾਲ ਗਿੱਲ ਨੂੰ ਵਧਾਈ ਦਿੰਦਿਆਂ ਬੋਲਦਿਆਂ ਕਿਹਾ ਕਿ ਭਾਵੇਂ ਮੈਂ ਹਰਿਆਣੇ ਦੀ ਪ੍ਰਤੀਨਿਧਤਾ ਕਰਦਾ ਹਾਂ ਪ੍ਰੰਤੂ ਹਰਿਆਣਾ ਵੀ ਪੰਜਾਬ ਦਾ ਅੰਗ ਰਿਹਾ ਹੈ ਤੇ ਅਸੀਂ ਪੰਜਾਬੀ ਦਾ ਪੂਰਾ ਸਤਿਕਾਰ ਕਰਦੇ ਹਾਂ ਕਿ ਇਸ ਬੋਲੀ ਨੂੰ ਗੁਰੂ ਸਾਹਿਬਾਨ ਵੱਲੋਂ ਗੁਰਬਾਣੀ ਰਚਿਤ ਕਰਦਿਆਂ ਨਿਵਾਜਿਆ ਹੈ। ਇਸ ਲਈ ਹਰਿਆਣਾ ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।
ਪ੍ਰਸਿੱਧ ਗੀਤਕਾਰ ਸ਼ਮਸ਼ੇਰ ਸੰਧੂ ਨੇ ਪ੍ਰਿਤਪਾਲ ਗਿੱਲ ਦੀ ਲੇਖਣੀ, ਮਿਲਣਸਾਰ ਸੁਭਾਅ ਦੇ ਪੰਜਾਬੀਅਤ ਨੂੰ ਸਮਰਪਿਤ ਭਾਵਨਾ ਦੀ ਦਾਦ ਦਿੰਦਿਆਂ ਕਿਹਾ ਕਿ ਇਹ ਹੀਰਾ ਕੇਂਦਰੀ ਪੰਜਾਬੀ ਲੇਖਕ ਸਭਾ, ਉੱਤਰੀ ਅਮਰੀਕਾ (ਸਰੀ) ਦਾ ਮੀਤ ਪ੍ਰਧਾਨ ਹੋਣ ਦੇ ਨਾਲ ਸਭਾ ਦੀ ਰੂਹੇ ਰਿਹਾ ਹੈ ਤੇ ਇਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਕਨੇਡਾ ਦੀ ਸੰਸਦ ਵੱਲੋਂ “ਕੇਂਦਰੀ ਪੰਜਾਬੀ ਲੇਖਕ ਸਭਾ” ਨੂੰ ਨਵੰਬਰ 2017 ਦੌਰਾਨ ਵਿਸ਼ੇਸ਼ ਮਾਨਤਾ ਦੇ ਕੇ ਪੰਜਾਬ ਨੂੰ ਮਾਣ ਬਖ਼ਸ਼ਿਆ ਹੈ ਜੋ ਸਮੁੱਚੇ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ।
ਪੁਸਤਕ ਦੇ ਸੰਪਾਦਨ ਸ. ਤਰਲੋਚਨ ਸਿੰਘ ਵੱਲੋਂ ਪੁਸਤਕ ਵਿੱਚ ਲਏ ਵਿਸ਼ਿਆ ਅਤੇ ਇਸ ਦੁਆਰਾ ਦਿੱਤੀ ਗਈ ਸਮਾਜਿਕ ਸੇਧ ਦੀ ਸ਼ਲਾਘਾ ਕਰਦਿਆਂ ਪ੍ਰਿਤਪਾਲ ਗਿੱਲ ਨੂੰ ਵਧਾਈ ਪੇਸ਼ ਕਰਦਿਆਂ ਕਿਹਾ ਕਿ ਜਿੰਨੀ ਮਿਹਨਤ ਨਾਲ ਲੇਖਕਾਂ ਵੱਲੋਂ ਮਿਆਰੀ ਪੁਸਤਕਾਂ ਦੀ ਰਚਨਾ ਕਰਕੇ ਪੰਜਾਬ ਬੋਲੀ ਦੀ ਪ੍ਰਫ਼ੁੱਲਤਾ ਲਈ ਯਤਨ ਹੋ ਰਹੇ ਹਨ ਉਨ੍ਹਾਂ ਪਾਠਕਾਂ ਦਾ ਹੁੰਗਾਰਾ ਨਹੀਂ ਮਿਲ ਰਿਹਾ ਜਿਸ ਦਾ ਕਾਰਨ ਸੋਸ਼ਲ ਮੀਡੀਆ ਜ਼ਿਆਦਾ ਪ੍ਰਚਲਤ ਹੋਣ ਕਰਕੇ ਹੀ ਹੈ।
ਇਸ ਦੌਰਾਨ ਮੈਡਮ ਰਛਪਾਲ ਕੌਰ ਬੈਂਸ ਵੱਲੋਂ ਪ੍ਰਿਤਪਾਲ ਗਿੱਲ ਵੱਲੋਂ ਪੰਜਾਬੀ ਦੀ ਚੜ੍ਹਦੀ ਕਲਾ ਲਈ ਪਾਏ ਯੋਗਦਾਨ ਦੀ ਪ੍ਰਸੰਸ਼ਾ ਕਰਦਿਆਂ ਪੰਜਾਬੀ ਲਈ “ਦੁਨੀਆਂ ਦੇ ਵਿਚ ਜੋ ਬੋਲੀ ਹੈ, ਉਹ ਮੇਰੀ ਹੀ ਮਾਂ ਬੋਲੀ ਹੈ, ਸਭ ਪੀਰ ਪੈਗੰਬਰ ਇਸਨੂੰ ਮੱਥੇ ਟੇਕਦੇ ਨੇ, ਇਹ ਧਰਤੀ ਪੰਜ ਦਰਿਆਵਾਂ ਦੀ, ਇਸ ਥਾਂ ਤੇ ਇਸਦੇ ਪੇਕੇ ਨੇ” ਨਾਲ ਪੰਜਾਬੀ ਪ੍ਰਤੀ ਆਪਣਾ ਪਿਆਰ ਦਰਸਾਇਆ।
ਸਾਹਿਤਕਾਰ ਅਮਰੀਕ ਸਿੰਘ ਵੱਲੋਂ ਪ੍ਰਿਤਪਾਲ ਗਿੱਲੀ ਦੀ ਕਨੇਡਾ ਖ਼ਾਸ ਕਰਕੇ ਸਰੀ ਵੈਨਕੁਵਰ ਗਏ ਪੰਜਾਬੀ ਲੇਖਕਾਂ, ਕਲਾਕਾਰਾਂ ਤੇ ਪੱਤਰਕਾਰਾਂ ਨੂੰ ਸਾਹਿਤਕ ਸਮਾਗਮਾਂ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਕੇ ਉਨ੍ਹਾਂ ਦੀ ਜਾਣ-ਪਛਾਣ ਕਰਾਉਣ ਦੇ ਵੱਡੇ ਉਦਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਸਖ਼ਸ਼ੀਅਤ ਬਾਰੇ ਜਾਣੂੰ ਕਰਵਾਉਂਦਿਆਂ ਉਨ੍ਹਾਂ ਵੱਲੋਂ ਲਿਖੀ ਪੁਸਤਕ “ਉਕਾਬ ਵਾਂਗ ਉੱਡ” ਦੀ ਰਿਲੀਜ਼ ਹੋਣ ‘ਤੇ ਮੁਬਾਰਕਬਾਦ ਦਿੱਤੀ। ਸਟੇਜ ਦਾ ਸੰਚਾਲਨ ਪ੍ਰੋ. ਸੰਤੋਖ ਸਿੰਘ ਔਜਲਾ ਵੱਲੋਂ ਬਾਖ਼ੂਬੀ ਬੜੇ ਹੀ ਠੇਠ ਪੰਜਾਬੀ ਸ਼ਬਦਾਂ ਨਾਲ ਕੀਤਾ।
ਇਸ ਮੌਕੇ ਸੁਖਦੇਵ ਸਿੰਘ ਧਨੋਆ ਉਰਫ਼ ਹਨੀ ਕਨੇਡਾ, ਐਡਵੋਕੇਟ ਬੀਐਸ ਢਿੱਲੋਂ, ਸੁਰਜੀਤ ਸਿੰਘ ਫਰਿਜਨੋ ਅਮਰੀਕਾ ਨੇ ਵੀ ਸੰਬੋਧਨ ਕੀਤਾ। ਲੇਖਿਕਾ ਜਗਦੀਪ ਕੌਰ ਜੁਗਨੀ ਵੱਲੋਂ ਪੁਸਤਕ ਤੇ ਪਰਚਾ ਪੜ੍ਹਕੇ ਸਮੁੱਚੀ ਪੁਸਤਕ ਬਾਰੇ ਆਪਣੇ ਤੋਲਵੇਂ ਸ਼ਬਦਾਂ ਦੁਆਰਾ ਸਾਂਝ ਪੁਆਈ। ਸਮਾਗਮ ਦੌਰਾਨ ਸ਼੍ਰੀ ਕੇਐਸ ਕੁਨਰ ਕਨੇਡਾ, ਪੱਤਰਕਾਰ ਗੱਜਣ ਵਾਲਾ, ਹਰਜੀਤ ਸਿੰਘ ਚੰਡੀਗੜ੍ਹ, ਐਡਵੋਕੇਟ ਦਲਜੀਤ ਕੌਰ ਗਿੱਲ ਐਚਐਸ ਬਾਵਾ ਬਿਊਰੋ ਚੀਫ਼ ਸਪੋਕਸਮੈਨ,
ਸਾਹਿਤਕਾਰ ਤੇ ਪੱਤਰਕਾਰ ਗੁਰਦੀਪ ਕੋਮਲ, ਐਡਵੋਕੇਟ ਰਵਿੰਦਰ ਕੌਰ ਨਿਹਾਲ ਸਿੰਘ ਵਾਲਾ, ਐਡਵੋਕੇਟ ਹਰਪ੍ਰੀਤ ਕੌਰ ਢਿੱਲੋਂ, ਸਿਧਾਰਥ ਸਿੰਘ ਗਰੇਵਾਲ ਕਨੇਡਾ ਤੋਂ ਇਲਾਵਾ ਹੋਰ ਪੰਜਾਬੀ ਹਿਤੈਸ਼ੀ ਸ਼ਖ਼ਸ਼ੀਅਤਾਂ ਮੌਜੂਦ ਸਨ। ਪ੍ਰਿਤਪਾਲ ਗਿੱਲ ਵੱਲੋਂ ਪੁਸਤਕ ਚੋਂ ਦੋ ਕਵਿਤਾਵਾਂ ਪੇਸ਼ ਕਰਕੇ ਸਭ ਦਾ ਧਨਵਾਦ ਕੀਤਾ ਤੇ ਆਪਣੇ ਸੁਨੇਹੇ ਵਿਚ ਕਿਹਾ ਕਿ ਇਕ ਦਿਨ ਸਰੀ (ਕਨੇਡਾ) ਪੰਜਾਬੀ ਗਤੀਵਿਧੀਆਂ ਲਈ ਦੁਨੀਆਂ ਭਰ ‘ਚੋਂ ਅੱਗੇ ਹੋਵੇਗਾ।