
ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਆਗੂਆਂ ਨੂੰ ਕੀਤੀ ਮਦਦ ਦੀ ਅਪੀਲ
ਨਵੀਂ ਦਿੱਲੀ : ਐਤਵਾਰ ਨੂੰ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਕਾਰਕੁੰਨਾਂ ਨੇ ਇਕ ਮਹਿਲਾ ਜੰਗਲਾਤ ਅਧਿਕਾਰੀ ਨਾਲ ਮਾਰਕੁੱਟ ਕੀਤੀ ਸੀ। ਜਾਨ ਬਚਾਉਣ ਲਈ ਮਹਿਲਾ ਅਧਿਕਾਰੀ ਟਰੈਕਟਰ 'ਤੇ ਚੜ੍ਹ ਗਈ ਸੀ ਪਰ ਲੋਕਾਂ ਨੇ ਫਿਰ ਵੀ ਉਸ ਨੂੰ ਨਾ ਛੱਡਿਆ। ਲਗਾਤਾਰ ਉਸ 'ਤੇ ਡੰਡਿਆਂ ਨਾਲ ਕਈ ਹਮਲੇ ਕੀਤੇ। ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਕੇ ਬੇਹੋਸ਼ ਹੋ ਗਈ ਸੀ। ਹੁਣ ਬਾਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਸੋਸ਼ਲ ਮੀਡੀਆ 'ਤੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ।
ਰਣਦੀਪ ਨੇ ਘਟਨਾ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਮਹਿਲਾ ਅਧਿਕਾਰੀ 'ਤੇ ਕੁਝ ਲੋਕ ਹਮਲਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦਿਆਂ ਰਣਦੀਪ ਨੇ ਪੂਰਾ ਮਾਮਲਾ ਦੱਸਿਆ ਅਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਲਈ ਕਿਹਾ। ਰਣਦੀਪ ਨੇ ਲਿਖਿਆ, "ਸੂਬੇ ਦੇ ਕਿਸੇ ਵੀ ਯੂਨੀਫ਼ਾਰਮ ਅਧਿਕਾਰੀ 'ਤੇ ਹਮਲਾ ਕਰਨਾ ਉਸ ਸੂਬੇ 'ਤੇ ਹਮਲਾ ਕਰਨ ਵਰਗਾ ਹੈ। ਇਕ ਮਹਿਲਾ ਜੰਗਲਾਤ ਅਧਿਕਾਰੀ 'ਤੇ ਕਾਗਜਨਗਰ (ਤੇਲੰਗਾਨਾ) 'ਚ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਗਿਆ। ਸਥਾਨਕ ਵਿਧਾਇਕ ਕੋਨੇਰੂ ਕ੍ਰਿਸ਼ਣ ਦੇ ਭਰਾ ਅਤੇ ਪੁਲਿਸ ਦੀ ਮੌਜੂਦਗੀ 'ਚ ਬਦਮਾਸ਼ਾਂ ਵੱਲੋਂ ਸਰਸਾਲਾ ਪਿੰਡ 'ਚ ਇਹ ਹਮਲਾ ਹੋਇਆ। ਮਹਿਲਾ ਅਧਿਕਾਰੀ ਪਿਛਲੇ 3 ਮਹੀਨਿਆਂ ਤੋਂ ਗ਼ੈਰ-ਕਾਨੂੰਨੀ ਖੇਤੀ ਨੂੰ ਰੋਕ ਰਹੀ ਸੀ।"
Randeep Hooda
ਰਣਦੀਪ ਹੁੱਡਾ ਨੇ ਇਸ ਵੀਡੀਓ ਦੇ ਅੰਤ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਾਤਾਵਰਣ ਮੰਤਰੀ ਪ੍ਰਕਾਸ਼ ਜਾਵੇਡਕਰ, ਬਾਬੁਲ ਸੁਪ੍ਰੀਓ, ਹਰਦੀਪ ਸਿੰਘ ਪੁਰੀ ਸਮੇਤ ਕਈ ਆਗੂਆਂ ਨੂੰ ਟੈਗ ਕੀਤਾ ਅਤੇ ਇਸ ਘਟਨਾ ਸਬੰਧੀ ਤੁਰੰਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ।