
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਪੰਜਵਾਂ ਦਿਨ ਵੀਂ ਹੰਗਾਮੇ ਦੀ ਭੇਂਟ ਚੜ੍ਹਿਆ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਪੰਜਵਾਂ ਦਿਨ ਵੀਂ ਹੰਗਾਮੇ ਦੀ ਭੇਂਟ ਚੜ੍ਹਿਆ। ਸਦਨ ਵਿਚ ਕਰਤਾਰਪੁਰ ਸਾਹਿਬ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਚੈਕਿੰਗ ਦਾ ਮੁੱਦਾ ਚੁੱਕਿਆ ਗਿਆ। ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਗੁਰਦਾਸਪੁਰ ਦੇ ਐਸਐਸਪੀ ਤੇ ਐਸਐਚਓ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਣਾ ਚਾਹੀਦਾ ਹੈ।
Photo
ਉਹਨਾਂ ਕਿਹਾ ਕਿ ਕਰਤਾਰਪੁਰ ਤੋਂ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਨੂੰ ਤੰਗ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਸਦਨ ਤੋਂ ਵਾਕ-ਆਊਟ ਕੀਤਾ। ਇਸ ਸਭ 'ਤੇ ਸਫਾਈ ਦਿੰਦੇ ਹੋਏ ਕਾਂਗਰਸ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਈਬੀ ਅਧਿਕਾਰੀ ਕੇਂਦਰ ਸਰਕਾਰ ਦੇ ਹਨ।
Photo
ਉਹ ਸਿਰਫ ਸ਼ੱਕੀ ਲੋਕਾਂ ਦੀ ਹੀ ਜਾਂਚ ਕਰ ਰਹੇ ਹਨ। ਇਸ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ। ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਇਸ ਸਬੰਧੀ ਗੁਰਦਾਸਪੁਰ ਦੇ ਐਸਐਸਪੀ ਤੇ ਐਸਐਚਓ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਆਈਬੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਨੂੰ ਇਕ ਚਿੱਠੀ ਦਿੱਤੀ ਗਈ ਸੀ।
Photo
ਮੀਡੀਆ ਨਾਲ ਚਿੱਠੀ ਸਾਂਝੀ ਕਰਦਿਆਂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਸ ਚਿੱਠੀ ਵਿਚ ਲਿਖਿਆ ਗਿਆ ਹੈ ਕਿ ਕਰਤਾਰਪੁਰ ਸਾਹਿਬ ਤੋਂ ਆਉਣ ਵਾਲੇ ਸ਼ੱਕੀ ਸ਼ਰਧਾਲੂਆਂ ਦੀ ਚੈਕਿੰਗ ਕਰਕੇ ਉਹਨਾਂ ਦਾ ਵੇਰਵਾ ਲਿਆ ਜਾਵੇ। ਉਹਨਾਂ ਕਿਹਾ ਕਿ ਇਸ ਵਿਚ ਕੇਂਦਰ ਸਰਕਾਰ ਦੀ ਸਿੱਧੀ ਦਖ਼ਲ ਹੈ। ਉਹਨਾਂ ਨੇ ਕਿਹਾ ਕਿ ਵਾਕਈ ਇਹ ਬਹੁਤ ਗੰਭੀਰ ਮਾਮਲਾ ਹੈ।
Photo
ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਜੇਕਰ ਇਸ 'ਚ ਐਸਐਸਪੀ ਤੇ ਐਸਐਚਓ ਦੀ ਕੋਈ ਗਲਤੀ ਹੋਈ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਵਿਚ ਹਰਸਿਮਰਤ ਬਾਦਲ ਮੌਜੂਦ ਹਨ, ਉਹ ਹਰ ਮੀਟਿੰਗ ਵਿਚ ਹਾਜ਼ਰੀ ਭਰਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਵਿਚ ਥੌੜੀ ਜਿਹੀ ਵੀ ਅਣਖ ਹੈ ਤਾਂ ਉਹ ਹਰਸਿਮਰਤ ਬਾਦਲ ਨੂੰ ਕੇਂਦਰ ਸਰਕਾਰ ਤੋਂ ਵਾਪਸ ਬੁਲਾਉਣ।
Photo
ਉਹਨਾਂ ਕਿਹਾ ਕਿ ਜੇਕਰ ਅਸੀਂ ਵਾਹਘਾ ਬਾਰਡਰ ਤੋਂ ਜਾ ਸਕਦੇ ਹਾਂ ਤਾਂ ਅਸੀਂ ਲਾਂਘੇ ਜ਼ਰੀਏ ਕਿਉਂ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਗਿਣਤੀ ਘਟ ਰਹੀ ਹੈ ਤੇ ਇਸ ਗੱਲ ਦੀ ਸਭ ਤੋਂ ਜ਼ਿਆਦਾ ਫਿਕਰ ਉਹਨਾਂ ਨੂੰ ਹੈ ਕਿਉਂਕਿ ਇਹ ਉਹਨਾਂ ਦਾ ਖੇਤਰ ਹੈ। ਉਹਨਾਂ ਨੇ ਅਪੀਲ ਕੀਤੀ ਕਿ ਪੰਜਾਬ ਦੇ 117 ਵਿਧਾਇਕਾਂ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਅਸੀਂ ਅਪਣੇ ਇਲਾਕੇ ਵਿਚੋਂ 5000 ਸ਼ਰਧਾਲੂ ਲੈ ਕੇ ਕਰਤਾਰਪੁਰ ਸਾਹਿਬ ਜਾਈਏ।
Photo
ਉਹਨਾਂ ਕਿਹਾ ਕਿ ਬਿਕਰਮ ਮਜੀਠੀਆ ਵੀ ਅਪਣੇ ਇਲਾਕੇ ਵਿਚੋਂ ਸ਼ਰਧਾਲੂ ਲੈ ਕੇ ਜਾਵੇ। ਉਹਨਾਂ ਕਿਹਾ ਕਿ ਉਹ ਧਰਮ ਦੀ ਸਿਆਸਤ ਨਹੀਂ ਕਰਦੇ। ਉਹਨਾਂ ਕਿਹਾ ਕਿ ਧਰਮ ਇਨਸਾਨੀਅਤ ਲਈ ਬਣਿਆ ਹੈ, ਜੇਕਰ ਇਨਸਾਨੀਅਤ ਹੀ ਖਤਰੇ ਵਿਚ ਪੈ ਜਾਵੇ ਫਿਰ ਅਸੀਂ ਧਰਮ ਦਾ ਕੀ ਕਰਨਾ।
Photo
ਦਿੱਲੀ ਹਿੰਸਾ ‘ਤੇ ਉਹਨਾਂ ਨੇ ਕਿਹਾ ਦਿੱਲੀ ਵਿਚ ਇਕ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਇਹ ਬੇਹੱਦ ਨਿੰਦਰਣਯੋਗ ਹੈ। ਉਹਨਾਂ ਨੇ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਸਮੂਹ ਸਿੱਖਾਂ ਨੂੰ ਦਿੱਲੀ ਵਿਚ ਹੋਈ ਹਿੰਸਾ ਦੇ ਪੀੜਤਾਂ ਦੀ ਮਦਦ ਕਰਨ ਅਤੇ ਸ਼ਰਨ ਦੇਣ ਲਈ ਕਿਹਾ ਹੈ।