
ਕੈਬਨਿਟ ਮੰਤਰੀ ਸਰਕਾਰੀਆ ਵੀ ਹੋਏ ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ, 26 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਪਾਜ਼ੇਟਿਵ ਦੇ ਮਾਮਲਿਆਂ ਦੇ ਮੁੜ ਰਫ਼ਤਾਰ ਫੜਨ ਤੋਂ ਬਾਅਦ ਹੁਣ ਇਕ ਵਾਰ ਵੱਡੇ ਲੋਕਾਂ ਨੂੰ ਵੀ ਅਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ | ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਦੀ ਕੋਰੋਨਾ ਰੀਪੋਰਟ ਪਾਜ਼ੇਟਿਵ ਆ ਗਈ ਹੈ | ਉਹ ਚੰਡੀਗੜ੍ਹ ਸਥਿਤ ਅਪਣੀ ਰਿਹਾਇਸ਼ 'ਤੇ ਹੀ ਇਕਾਂਤਵਾਸ ਹੋ ਗਏ ਹਨ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ | ਇਸੇ ਦੌਰਾਨ ਮਿਲੀ ਰੀਪੋਰਟ ਅਨੁਸਾਰ ਕੋਰੋਨਾ ਇਕ ਵਾਰ ਮੁੜ ਮੁੱਖ ਮੰਤਰੀ ਦਫ਼ਤਰ ਤਕ ਵੀ ਪਹੁੰਚ ਗਿਆ ਹੈ | ਉਨ੍ਹਾਂ ਦੇ ਪਿ੍ੰਸੀਪਲ ਸਕੱਤਰ ਤੇਜਵੀਰ ਸਿੰਘ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ | ਇਸੇ ਦੌਰਾਨ ਸੂਬੇ ਦੇ ਅੱਜ ਦੇ ਬੁਲੇਟਿਨ ਅਨੁਸਾਰ ਕੋਰੋਨਾ ਕੇਸਾਂ ਵਿਚ ਲਗਾਤਾਰ ਤੀਜੇ ਦਿਨ ਵਾਧਾ ਦਰਜ ਕੀਤਾ ਗਿਆ | ਪਿਛਲੇ ਬੀਤੇ 24 ਘੰਟਿਆਂ ਦੌਰਾਨ 628 ਨਵੇਂ ਕੇਸ ਆਏ ਹਨ ਤੇ 16 ਮੌਤਾਂ ਹੋਈਆਂ ਹਨ | ਲੁਧਿਆਣਾ, ਪਟਿਆਲਾ ਤੇ ਜ਼ਿਲ੍ਹਾ ਮੋਹਾਲੀ ਵਿਚ ਸੱਭ ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆ ਰਹੇ ਹਨ |