
ਅਡਾਨੀ ਭੰਡਾਰ ਵਿਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਕਿਸਾਨਾਂ ਨੇ ਰੋਕੀ
ਮੋਗਾ, 26 ਫ਼ਰਵਰੀ (ਗੁਰਜੰਟ ਸਿੰਘ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਤਹਿਤ ਕਿਸਾਨ ਜਥੇਬੰਦੀਆਂ ਨੇ ਮਾਲ ਗੱਡੀਆਂ ਚੱਲਣ ਦੀ ਇਜਾਜ਼ਤ ਦਿਤੀ ਸੀ | ਇਸ ਦੌਰਾਨ ਇਥੇ ਅੱਜ ਸਵੇਰੇ 2.25 ਲੱਖ ਟਨ ਸਮਰਥਾ ਵਾਲੇ ਅਡਾਨੀ ਆਧੁਨਿਕ ਤਕਨੀਕ ਭੰਡਾਰ 'ਚੋਂ ਅਨਾਜ ਭਰ ਕੇ ਨਿਕਲੀ ਮਾਲ ਗੱਡੀ ਨੂੰ ਬੀਕੇਯੂ ਕ੍ਰਾਂਤੀਕਾਰੀ ਦੇ ਸੂਬਾਈ ਆਗੂ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਕਿਸਾਨਾਂ ਨੇ ਰੇਲ ਪਟੜੀ ਉੱਤੇ ਬੈਠ ਕੇ ਰੋਕ ਦਿਤਾ |
ਇਥੇ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਇਥੇ ਅਡਾਨੀ ਅਨਾਜ ਭੰਡਾਰ ਅੱਗੇ 150ਵੇਂ ਦਿਨ ਪੱਕਾ ਧਰਨਾ ਚੱਲ ਰਿਹਾ ਹੈ | ਇਸ ਮੌਕੇ ਜਥੇਬੰਦੀ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਉਨ੍ਹਾਂ ਜਦੋਂ ਰੇਲਾਂ ਰੋਕੀਆਂ ਤਾਂ ਉਨ੍ਹਾਂ ਦੀ ਜਥੇਬੰਦੀ ਵਿਰੁਧ ਗ਼ਲਤ ਪ੍ਰਚਾਰ ਕੀਤਾ ਗਿਆ | ਇਸ ਤੋਂ ਬਾਅਦ ਉਨ੍ਹਾਂ ਕੋਈ ਮਾਲ ਗੱਡੀ ਨਹੀਂ ਰੋਕੀ |
ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਆਗੂ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲੇ ਉੱਤੇ ਸੂਚਨਾ ਮਿਲਣ ਉੱਤੇ ਅਡਾਨੀ ਪਲਾਂਟ 'ਚੋਂ ਕਣਕ ਦੀ ਲੋਡ ਮਾਲ ਗੱਡੀ ਨੂੰ ਰੋਕਿਆ ਹੈ | ਪ੍ਰਸ਼ਾਸਨ ਕਹਿ ਰਿਹਾ ਹੈ ਕਿ ਮਾਲ ਗੱਡੀ ਨਾ ਰੋਕਣ ਦਾ ਫ਼ੈਸਲਾ ਹੋਇਆ ਹੈ ਪਰ ਉਨ੍ਹਾਂ ਦੀ ਜਥੇਬੰਦੀ ਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ | ਇਸ ਕਰ ਕੇ ਉਹ ਸੰਯੁਕਤ ਕਿਸਾਨ ਮੋਰਚਾ ਆਗੂਆਂ ਨਾਲ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤਕ ਇਥੋਂ ਮਾਲ ਗੱਡੀ ਨੂੰ ਜਾਣ ਨਹੀਂ ਦਿਤਾ ਜਾਵੇਗਾ |
ਫ਼ੋਟੋ : ਮੋਗਾ-ਟਰੇਨ