
ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਾਲੀਆਂ ਕਿਤਾਬਾਂ ਬਰਦਾਸ਼ਤ ਨਹੀਂ : ਕੋਟੜਾ
ਬੀਕੇਯੂ ਏਕਤਾ ਸਿੱਧੂਪੁਰ ਵਲੋਂ ਇਤਿਹਾਸ ਬਚਾਉ ਮੋਰਚੇ ਦੇ ਸਮਰਥਨ ਦਾ ਐਲਾਨ
ਕੋਟਕਪੂਰਾ, 26 ਫ਼ਰਵਰੀ (ਗੁਰਿੰਦਰ ਸਿੰਘ) : ਜੇ ਕਿਸੇ ਕੌਮ ਦੇ ਇਤਿਹਾਸ ਨੂੰ ਸਮਝਣਾ ਹੋਵੇ ਤਾਂ ਉਸ ਕੌਮ ਦੇ ਇਤਿਹਾਸ ਨੂੰ ਪੜ੍ਹਨਾ ਪੈਂਦਾ ਹੈ ਪਰ ਸਰਕਾਰਾਂ ਡੂੰਘੀਆਂ ਸਾਜਸ਼ਾਂ ਤਹਿਤ ਸਾਡੇ ਬੱਚਿਆਂ ਨੂੰ ਗ਼ਲਤ ਇਤਿਹਾਸ ਪੜ੍ਹਾ ਰਹੀਆਂ ਹਨ ਤਾਂ ਜੋ ਪੰਜਾਬ ਦੇ ਵਜੂਦ ਨੂੰ ਖ਼ਤਮ ਕੀਤਾ ਜਾ ਸਕੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਫ਼ਤਰ ਦੇ ਬਾਹਰ ਮੋਹਾਲੀ ਵਿਖੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਵਲੋਂ ਅਣਮਿੱਥੇ ਸਮੇਂ ਲਈ ਚਲ ਰਹੇ ‘ਇਤਿਹਾਸ ਬਚਾਉ ਮੋਰਚੇ’ ਵਿਚ ਸ਼ਮੂਲੀਅਤ ਕਰਨ ਉਪਰੰਤ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦਾ ਇਤਿਹਾਸ ਜਬਰ ਤੇ ਜੁਲਮ ਵਿਰੁਧ ਅਤੇ ਮਜ਼ਲੂਮਾਂ ਦੇ ਹੱਕ ’ਚ ਖੜ੍ਹਨ ਦਾ ਹੈ। ਉਨ੍ਹਾਂ ਕਿਹਾ ਕਿ ਮਜ਼ਲੂਮਾਂ ਦੇ ਹੱਕ ’ਚ ਅਤੇ ਜਬਰ ਜੁਲਮ ਵਿਰੁਧ ਲੜਨ ਦੀ ਸਿਖਿਆ ਸਾਨੂੰ ਸਾਡੇ ਇਤਿਹਾਸ ਤੋਂ ਹੀ ਮਿਲਦੀ ਹੈ। ਇਸ ਕਰ ਕੇ ਹੀ ਸਰਕਾਰਾਂ ਸਾਜਸ਼ ਤਹਿਤ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਗ਼ਲਤ ਪੜ੍ਹਾ ਰਹੀਆਂ ਹਨ, ਕਿਉਂਕਿ ਸਰਕਾਰਾਂ ਦੀ ਨੀਤੀ ਰਹੀ ਹੈ ਕਿ ਜਦੋਂ ਕਿਸੇ ਕੌਮ ਨੂੰ ਖ਼ਤਮ ਕਰਨਾ ਹੋਵੇ ਤਾਂ ਪਹਿਲਾਂ ਉਸ ਦੇ ਇਤਿਹਾਸ ਨੂੰ ਖ਼ਤਮ ਕੀਤਾ ਜਾਂਦਾ ਹੈ। ਇਸ ਲਈ ਹੀ ਬਾਰ੍ਹਵੀਂ ਜਮਾਤ ਦੀਆਂ ਕਿਤਾਬਾਂ ’ਚ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਤੇਗ ਬਹਾਦਰ ਜੀ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਰੇ ਗ਼ਲਤ ਪੜ੍ਹਾਇਆ ਜਾ ਰਿਹਾ ਹੈ। ਕਾਕਾ ਸਿੰਘ ਕੋਟੜਾ ਨੇ ਬੀਕੇਯੂ ਏਕਤਾ ਸਿੱਧੂਪੁਰ ‘ਇਤਿਹਾਸ ਬਚਾਉ ਮੋਰਚੇ’ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ, ਸਾਡੇ ਬੱਚਿਆਂ ਨੂੰ ਅਪਣੇ ਪੁਰਖਿਆਂ ਦੇ ਇਖਲਾਕ ਤੇ ਕਿਰਦਾਰਾਂ ਦਾ ਪਤਾ ਲੱਗੇ ਕਿ ਉਹ ਕਿੰਨਾ ਉੱਚਾ-ਸੁੱਚਾ ਸੀ?
ਸਰਦਾਰ ਹਰੀ ਸਿੰਘ ਨਲੂਆ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਸਹੀ ਇਤਿਹਾਸ ਸਾਡੇ ਬੱਚੇ ਪੜ੍ਹਨਗੇ ਤਾਂ ਹੀ ਉਨ੍ਹਾਂ ਨੂੰ ਪਤਾ ਚਲੇਗਾ ਕਿ ਹਰੀ ਸਿੰਘ ਦੇ ਨਾਮ ਨਾਲ ਨਲੂਆ ਸ਼ਬਦ ਕਿਵੇਂ ਲੱਗਾ ਸੀ ਅਤੇ ਉਨ੍ਹਾਂ ਇਕ ਮੁਸਲਮਾਨ ਪਠਾਣ ਬੀਬੀ ਨੂੰ ਅਪਣੀ ਮਾਂ ਕਿਵੇਂ ਬਣਾਇਆ ਸੀ।
ਫੋਟੋ :- ਕੇ.ਕੇ.ਪੀ.-ਗੁਰਿੰਦਰ-26-1ਏ