
ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜੇਲੇਂਸਕੀ ਦੀ ਭਾਵੁਕਤਾ ਵਾਲੀ ਅਪੀਲ ਨਾਲ ਛਿੜੀ ਅਜੀਬ ਚਰਚਾ!
ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜੇਲੇਂਸਕੀ ਦੀ ਭਾਵੁਕਤਾ ਵਾਲੀ ਅਪੀਲ ਨਾਲ ਛਿੜੀ ਅਜੀਬ ਚਰਚਾਕੋਟਕਪੂਰਾ, 26 ਫਰਵਰੀ (ਗੁਰਿੰਦਰ ਸਿੰਘ) : ਵੀਡੀਉ ਸੰਦੇਸ਼ ਰਾਹੀਂ ਭਾਵੁਕ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜੇਲੇਂਸਕੀ ਨੇ ਆਖਿਆ ਕਿ ਉਸ ਨੇ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਰੂਸ ਤੋਂ ਬਚਾਉਣ ਲਈ ਮੱਦਦ ਦੀ ਅਪੀਲ ਕੀਤੀ ਪਰ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿਤਾ | ਇਹ ਸਿਰਫ਼ ਯੂਕਰੇਨ ਦੇ ਰਾਸ਼ਟਰਪਤੀ ਦੀ ਸਮੱਸਿਆ ਹੀ ਨਹੀਂ ਬਲਕਿ ਭਾਰਤ ਦੇਸ਼ ਅਤੇ ਸੂਬੇ ਪੰਜਾਬ ਨਾਲ ਜੁੜੀਆਂ ਇਸ ਤਰਾਂ ਦੀਆਂ ਅਨੇਕਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ |
1 ਦਸੰਬਰ 2005 ਨੂੰ 'ਰੋਜ਼ਾਨਾ ਸਪੋਕਸਮੈਨ' ਦੀ ਸ਼ੁਰੂਆਤ ਹੋਈ, ਅਗਲੇ ਦਿਨ ਹੀ 2 ਦਸੰਬਰ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਬਿਨਾ ਕਿਸੇ ਠੋਸ ਕਾਰਨ ਦੇ 'ਰੋਜ਼ਾਨਾ ਸਪੋਕਸਮੈਨ' ਨੂੰ ਨਾ ਪੜਨ, ਇਸ ਵਿਚ ਨੌਕਰੀ ਨਾ ਕਰਨ, ਇਸ ਨੂੰ ਇਸ਼ਤਿਹਾਰ ਨਾ ਦੇਣ ਦਾ ਹੁਕਮਨਾਮਾ ਜਾਰੀ ਕਰ ਦਿਤਾ | ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਲੋਕਤੰਤਰ ਦੇ ਚੌਥੇ ਥੰਮ ਨਾਲ ਹੋ ਰਹੀ ਧੱਕੇਸ਼ਾਹੀ ਦੇ ਵਿਰੋਧ ਵਿਚ ਬੋਲਣ ਲਈ ਸਾਰੀਆਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀਆਂ ਜਥੇਬੰਦੀਆਂ ਅਤੇ ਮੀਡੀਏ ਨੂੰ ਸੁਚੇਤ ਕੀਤਾ ਪਰ 'ਰੋਜ਼ਾਨਾ ਸਪੋਕਸਮੈਨ' ਨਾਲ ਹੋ ਰਹੀ ਧੱਕੇਸ਼ਾਹੀ ਵਿਰੁਧ ਕਿਸੇ ਨੇ ਵੀ ਮੂੰਹ ਖੋਲ੍ਹਣ ਦੀ ਜ਼ਰੂਰਤ ਤਕ ਨਾ ਸਮਝੀ | ਮਿਤੀ 29 ਸਤੰਬਰ 2007 ਵਿਚ ਇਕ ਡੇਰੇਦਾਰ ਦੇ ਚੇਲੇ-ਚੇਲੀਆਂ ਨੇ ਆਰਥਕ ਪੱਖੋਂ ਕਮਜ਼ੋਰ ਚੱਲ ਰਹੇ ਅਦਾਰੇ ਰੋਜ਼ਾਨਾ ਸਪੋਕਸਮੈਨ ਦੇ 7 ਸਬ ਦਫ਼ਤਰ ਤੋੜ ਕੇ ਤਹਿਸ-ਨਹਿਸ ਕਰ ਦਿਤੇ, ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਸਾਰੀ ਦੁਨੀਆਂ ਨੇ ਇਹ ਮੰਜ਼ਰ ਅਪਣੇ ਅੱਖੀਂ ਦੇਖਿਆ ਅਤੇ ਕੰਨੀ ਸੁਣਿਆ ਪਰ ਸੱਭ ਚੁੱਪ ਰਹੇ | ਜੇਕਰ 'ਰੋਜ਼ਾਨਾ ਸਪੋਕਸਮੈਨ' ਨਾਲ ਹੋਈਆਂ ਧੱਕੇਸ਼ਾਹੀਆਂ ਅਤੇ ਵਧੀਕੀਆਂ ਦਾ ਜ਼ਿਕਰ ਕਰਨਾ ਹੋਵੇ ਤਾਂ ਬਹੁਤ ਸਾਰੇ ਪੰਨ੍ਹੇ ਹੋਰ ਕਾਲੇ ਕੀਤੇ ਜਾ ਸਕਦੇ ਹਨ |
ਸ਼ੋਸਲਿਸਟ ਪਾਰਟੀ ਦੇ ਸੰਸਥਾਪਕ ਤੇ ਸਮਾਜਸੇਵੀ ਬਲਵੰਤ ਸਿੰਘ ਖੇੜਾ ਨੇ ਅਕਾਲੀ ਦਲ ਬਾਦਲ ਦੇ ਆਗੂਆਂ 'ਤੇ ਪਾਰਟੀ ਸੰਵਿਧਾਨ ਵਿਚ ਹੇਰਾ=ਫ਼ੇਰੀ ਕਰਨ ਅਤੇ ਮੁੱਖ ਚੋਣ ਕਮਿਸ਼ਨ ਕੋਲ ਗ਼ਲਤ ਦਸਤਾਵੇਜ ਪੇਸ਼ ਕਰ ਕੇ ਰਾਜਨੀਤਕ ਪਾਰਟੀ ਵਜੋਂ ਮਾਨਤਾ ਲੈਣ ਦੇ ਲੱਗੇ ਦੋਸ਼ਾਂ ਦੇ ਸਬੰਧ 'ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਹੁਸ਼ਿਆਰਪੁਰ ਦੀ ਇਕ ਅਦਾਲਤ ਵਿਚੋਂ ਜਮਾਨਤ 'ਤੇ ਹਨ | ਭਾਵੇਂ ਅਦਾਲਤੀ ਪੇਸ਼ੀਆਂ ਦੋਰਾਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਵੀ ਪੇਸ਼ ਹੁੰਦੇ ਰਹੇ ਹਨ ਪਰ ਬਲਵੰਤ ਸਿੰਘ ਖੇੜਾ ਦੇ ਲਗਭਗ 12 ਸਾਲ ਦੇ ਇਸ ਕੇਸ ਦੌਰਾਨ ਕਿਸੇ ਵੀ ਹੋਰ ਪਾਰਟੀ ਨੇ ਮੂੰਹ ਖੋਲ੍ਹਣ ਦੀ ਜ਼ਰੂਰਤ ਹੀ ਨਹੀਂ ਸਮਝੀ | ਬਲਵੰਤ ਸਿੰਘ ਖੇੜਾ ਦੀ ਹੈਰਾਨੀ ਸੁਭਾਵਕ ਹੈ ਕਿ ਸੰਵਿਧਾਨ ਨਾਲ ਖਿਲਵਾੜ ਕਰਨ ਵਾਲੀ ਪਾਰਟੀ ਦੇ ਵਿਰੋਧ ਵਿਚ ਪਾਈ ਪਟੀਸ਼ਨ ਦੇ ਹੱਕ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮਦਦ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਦੀ ਜਬਰਦਸਤ ਚੁੱਪੀ ਸਮਝ ਤੋਂ ਬਾਹਰ ਹੈ |
ਭਾਈ ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ, ਸ.ਜੋਗਿੰਦਰ ਸਿੰਘ ਸਪੋਕਸਮੈਨ ਅਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਖ਼ਿਲਾਫ਼ ਤਖ਼ਤਾਂ ਦੇ ਜਥੇਦਾਰਾਂ ਵਲੋਂ ਜਾਰੀ ਹੋਏ ਹੁਕਮਨਾਮਿਆਂ ਬਾਰੇ ਨਾ ਤਾਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਨਾ ਹੀ ਗਿਆਨੀ ਗੁਰਬਚਨ ਸਿੰਘ ਕੋਈ ਠੋਸ ਸਬੂਤ ਦੇ ਸਕੇ | ਭਾਈ ਕਾਲਾ ਅਫ਼ਗ਼ਾਨਾ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਰਿਲੀਜ਼ ਕੀਤੀ ਗਈ ਵਿਵਾਦਤ ਪੁਸਤਕ 'ਗੁਰਬਿਲਾਸ ਪਾਤਸ਼ਾਹੀ ਛੇਵੀਂ' ਵਿਚਲੀਆਂ ਤਰੁਟੀਆਂ ਅਤੇ ਛੇਵੀਂ ਪਾਤਸ਼ਾਹੀ ਖ਼ਿਲਾਫ਼ ਲਿਖੀ ਅਪਮਾਨਜਨਕ ਸ਼ਬਦਾਵਲੀ ਦੀ ਅੰਕੜਿਆਂ ਸਹਿਤ ਦਲੀਲਾਂ ਨਾਲ ਰਿਪੋਰਟ ਤਿਆਰ ਕਰ ਕੇ ਭੇਜੀ ਤਾਂ ਗਿਆਨੀ ਵੇਦਾਂਤੀ ਨੇ ਉਸਦਾ ਜਵਾਬ ਦੇਣ ਦੀ ਬਜਾਇ ਕਾਲਾ ਅਫ਼ਗ਼ਾਨਾ ਨੂੰ ਪੰਥ ਵਿਚੋਂ ਛੇਕਣ ਦਾ ਹੁਕਮ ਸੁਣਾ ਦਿਤਾ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਮੁਖੀਆਂ ਨੇ ਇਸ ਅਨਰਥ ਵਿਰੁਧ ਬੋਲਣ ਦੀ ਬਜਾਇ ਚੁੱਪੀ ਸਾਧ ਲਈ | ਸ.ਜੋਗਿੰਦਰ ਸਿੰਘ ਸਪੋਕਸਮੈਨ ਨੇ ਜਥੇਦਾਰਾਂ ਦੇ ਢੰਗ ਤਰੀਕੇ ਨੂੰ ਗ਼ਲਤ ਦਰਸ਼ਾਇਆ ਤਾਂ ਉਨ੍ਹਾਂ ਨੂੰ ਵੀ ਪੰਥ ਵਿਚੋਂ ਛੇਕ ਦਿਤਾ ਗਿਆ ਪਰ ਪੰਥਕ ਆਗੂ ਫਿਰ ਚੁੱਪ? ਪੋ੍ਰ ਦਰਸ਼ਨ ਸਿੰਘ ਖ਼ਾਲਸਾ ਨੇ ਤਲਬ ਕਰਨ ਤੋਂ ਬਾਅਦ ਖੁਦ ਅਕਾਲ ਤਖ਼ਤ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਚਾਹਿਆ ਪਰ ਇਕ ਪਾਸੇ ਤਾਂ ਤਖ਼ਤਾਂ ਦੇ ਜਥੇਦਾਰ ਇਸੇ ਅਹੁਦੇ ਤੋਂ ਸੇਵਾਮੁਕਤ ਹੋਏ ਜਥੇਦਾਰ ਦਾ ਸਾਹਮਣਾ ਕਰਨ ਤੋਂ ਸੰਕੋਚ ਕਰਦਿਆਂ ਉਲਟਾ ਪ੍ਰੋ ਦਰਸ਼ਨ ਸਿੰਘ ਨੂੰ ਹੀ ਪੰਥ ਵਿਚੋਂ ਛੇਕਣ ਦਾ ਹੁਕਮ ਸੁਣਾ ਦਿਤਾ ਪਰ ਅਖੌਤੀ ਪੰਥਕ ਆਗੂਆਂ ਦੀ ਚੁੱਪੀ ਤੋਂ ਜਾਗਰੂਕ ਸਿੱਖ ਸੰਗਤਾਂ ਦਾ ਹੈਰਾਨ ਹੋਣਾ ਸੁਭਾਵਕ ਸੀ |
ਮਈ 2007 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਬਦਲੇ ਡੇਰਾ ਸਿਰਸਾ ਦੇ ਮੁਖੀ ਸੋਦਾ ਸਾਧ ਖ਼ਿਲਾਫ਼ ਹੁਕਮਨਾਮਾ ਜਾਰੀ ਕੀਤਾ ਗਿਆ, ਸਤੰਬਰ 2015 ਵਿਚ ਤਖ਼ਤਾਂ ਦੇ ਜਥੇਦਾਰਾਂ ਨੇ ਬਿਨਾ ਬੁਲਾਇਆਂ ਉਸ ਵਿਰੁਧ ਹੁਕਮਨਾਮਾ ਰੱਦ ਕਰ ਦਿਤਾ ਅਤੇ ਬਿਨ ਮੰਗੀ ਮਾਫ਼ੀ ਦੇਣ ਦਾ ਐਲਾਨ ਕਰ ਦਿਤਾ ਗਿਆ ਪਰ ਕੁੱਝ ਕੁ ਜਾਗਰੂਕ ਪੰਥਕ ਵਿਦਵਾਨਾ ਅਤੇ ਸਿੱਖ ਚਿੰਤਕਾਂ ਨੂੰ ਛੱਡ ਕੇ ਜ਼ਿਆਦਾਤਰ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਮੁਖੀਆਂ ਨੇ ਚੁੱਪੀ ਵੱਟੀ ਰੱਖੀ | ਦੇਸ਼ ਵਿਦੇਸ਼ ਵਿਚ ਹੋਏ ਵਿਰੋਧ ਤੋਂ ਬਾਅਦ ਤਖ਼ਤਾਂ ਦੇ ਜਥੇਦਾਰਾਂ ਨੂੰ ਅਪਣੇ ਵਲੋਂ ਕੀਤਾ ਫ਼ੈਸਲਾ ਵਾਪਸ ਲੈਣਾ ਪਿਆ ਪਰ ਬਾਦਲ ਪ੍ਰਵਾਰ ਨੇ ਡੇਰਾ ਪੇ੍ਰਮੀਆਂ ਨਾਲ ਦੂਰੀ ਨਾ ਬਣਾਈ ਅਤੇ ਨੇੜਤਾ ਬਣਾ ਕੇ ਰੱਖੀ ਅਰਥਾਤ ਡੇਰਾ ਪੇ੍ਰਮੀਆਂ ਨੂੰ ਅਕਾਲੀ ਦਲ ਵਿਚ ਅਹੁਦੇ ਦਿਤੇ, ਹਰ ਵੱਡੀ ਛੋਟੀ ਚੋਣ ਮੌਕੇ ਅਕਾਲੀ ਦਲ ਦੀਆਂ ਟਿਕਟਾਂ ਦਿਤੀਆਂ, 2007, 2012, 2017 ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਡੇਰਾ ਪੇ੍ਰਮੀਆਂ ਦੀਆਂ ਸਿੱਧੇ ਅਸਿੱਧੇ ਢੰਗ ਨਾਲ ਵੋਟਾਂ ਵੀ ਪ੍ਰਾਪਤ ਕੀਤੀਆਂ ਪਰ ਤਖ਼ਤਾਂ ਦੇ ਜਥੇਦਾਰਾਂ ਸਮੇਤ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ, ਅਹੁਦੇਦਾਰਾਂ ਅਤੇ ਮੁਲਾਜ਼ਮਾਂ ਨੇ ਚੁੱਪ ਵੱਟੀ ਰੱਖੀ |
ਮਨੁੱਖੀ ਅਧਿਕਾਰਾਂ ਦੀ ਗੱਲ ਹੋਵੇ ਤੇ ਭਾਵੇਂ ਪੈੱ੍ਰਸ ਦੀ ਆਜ਼ਾਦੀ ਦੀ ਬਹਾਲੀ ਸਬੰਧੀ, ਹਰ ਵਾਰ ਖੁਦ ਨੂੰ ਪੰਥ ਦੇ ਠੇਕੇਦਾਰ ਅਖਵਾਉਣ ਵਾਲਿਆਂ ਨੇ ਬਣਦੀ ਜ਼ਿੰਮੇਵਾਰੀ ਨਿਭਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ ਪਰ ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜੇਲੈਂਸਕੀ ਦੀ ਭਾਵੁਕ ਅਪੀਲ ਨੇ ਕਈ ਦੇਸ਼ਾਂ ਨੂੰ ਹਲੂਣਿਆਂ ਹੈ, ਜਿਸ ਕਰ ਕੇ ਯੂਕਰੇਨ ਦੀ ਹਮਾਇਤ ਲਈ ਕੁੱਝ ਕੁ ਅਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ, ਹੁਣ ਦੇਖਣਾ ਹੋਵੇਗਾ ਕਿ ਲੋਕ ਸਾਮਰਾਜੀ ਤਾਕਤਾਂ ਦੀ ਧੱਕੇਸ਼ਾਹੀ ਵਿਰੁਧ ਕਿੰਨੇ ਕੁ ਬੋਲਦੇ ਹਨ, ਕਿਉਂਕਿ ਬੋਲਣ ਅਤੇ ਚੁੱਪ ਰਹਿਣ ਵਾਲਿਆਂ ਦਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਵੱਖੋ ਵੱਖਰੇ ਢੰਗ ਤਰੀਕਿਆਂ ਨਾਲ ਦਰਜ ਹੁੰਦਾ ਹੈ |!