ਕਿਹਾ: ਤਾਮਿਲਨਾਡੂ ਸਰਕਾਰ ਦੀ ਤਰਜ਼ 'ਤੇ ਮਤਾ ਲੈ ਕੇ ਆਵੇ ਸੂਬਾ ਸਰਕਾਰ
ਮੁਹਾਲੀ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਵੱਖ ਵੱਖ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਸੰਘਰਸ਼ ਜਾਰੀ ਹੈ। ਇਸ ਦੇ ਚਲਦਿਆਂ ਅੱਜ ਮੋਰਚੇ ਦੇ ਆਗੂਆਂ ਨੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਮੋਰਚੇ ਨੇ ਐਲਾਨ ਕੀਤਾ ਕਿ ਕੌਮੀ ਇਨਸਾਫ ਮੋਰਚੇ ਦਾ ਸਮਰਥਨ ਕਰ ਰਹੀਆਂ ਸਮੂਹ ਜਥੇਬੰਦੀਆਂ 5 ਮਾਰਚ 2023 ਨੂੰ ਪੰਜਾਬ ਦੇ 117 ਵਿਧਾਇਕਾਂ ਨੂੰ ਮੰਗ ਪੱਤਰ ਦੇਣਗੀਆਂ। ਵਿਧਾਇਕਾਂ ਨੂੰ ਆਉਣ ਵਾਲੇ ਵਿਧਾਨ ਸਭਾ ਇਜਲਾਸ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਚੁੱਕਣ ਲਈ ਕਿਹਾ ਜਾਵੇਗਾ।
ਇਹ ਵੀ ਪੜ੍ਹੋ: ਤੁਰਕੀ 'ਚ ਫਿਰ ਆਇਆ ਜ਼ਬਰਦਸਤ ਭੂਚਾਲ, ਰਿਕਟਰ ਪੈਮਾਨੇ 'ਤੇ 5.6 ਰਹੀ ਤੀਬਰਤਾ
ਮੋਰਚੇ ਨੇ ਕਿਹਾ ਕਿ ਸੂਬਾ ਸਰਕਾਰ ਤਾਮਿਲਨਾਡੂ ਸਰਕਾਰ ਦੀ ਤਰਜ਼ 'ਤੇ ਮਤਾ ਲੈ ਕੇ ਆਵੇ ਤਾਂ ਜੋ ਬੰਦੀ ਸਿੰਘਾਂ ਦੀ ਜਲਦ ਰਿਹਾਈ ਹੋ ਸਕੇ। ਇਸ ਦੇ ਨਾਲ ਹੀ ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਵਲੋਂ ਆਪ ਹੀ ਲੋਕਤੰਤਰ ਦਾ ਘਾਣ ਕਰਦਿਆਂ ਮੋਰਚੇ ਦੀ ਕਵਰੇਜ਼ ਕਰ ਰਹੇ ਯੂਟਿਉੂਬ ਚੈਨਲ ਬੰਦ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਚੈਨਲ ਬੰਦ ਕਰਨ ਦੀ ਬਜਾਏ ਮੋਰਚੇ ਦੀ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਇਸ ਮੌਕੇ ਬਾਪੂ ਗੁਰਚਰਨ ਸਿੰਘ ਦੇ ਨਾਲ ਐਡਵੋਕੇਟ ਗੁਰਸ਼ਰਨ ਸਿੰਘ, ਇੰਦਰਬੀਰ ਸਿੰਘ ਅਤੇ ਜਸਵਿੰਦਰ ਸਿੰਘ ਰਾਜਪੂਰਾ ਆਦਿ ਮੋਜੂਦ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਸਿਹਤ ਮੰਤਰੀ ਨੇ ਐੱਚਆਈਵੀ/ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 11 ਜਾਗਰੂਕਤਾ ਵੈਨਾਂ ਨੂੰ ਕੀਤਾ ਰਵਾਨਾ
ਜ਼ਿਕਰਯੋਗ ਹੈ ਕਿ ਬੀਤੀ 7 ਜਨਵਰੀ ਤੋਂ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਕੌਮੀ ਇਨਸਾਫ਼ ਮੋਰਚੇ ਵਲੋਂ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੋਰਚਾ ਲਗਾਇਆ ਗਿਆ ਹੈ। ਇਸ ਵਿਚ ਲਗਾਤਾਰ ਸੰਗਤਾਂ ਵੱਡੇ ਕਾਫਲਿਆਂ ਦੇ ਰੂਪ ਵਿਚ ਪਹੁੰਚ ਰਹੀਆਂ ਹਨ। ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਸਵੇਰ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਡਾਲ ਸਜਾਇਆ ਗਿਆ, ਨਿਤਨੇਮ ਉਪਰੰਤ ਵੱਖ ਵੱਖ ਢਾਡੀ ਜਥਿਆਂ, ਕਵੀਸ਼ਰਾਂ ਅਤੇ ਰਾਗੀ ਜਥਿਆਂ ਨੇ ਆਪਣੀ ਹਾਜ਼ਰੀ ਲਵਾਈ ਅਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਲੰਮੇਂ ਹੱਥੀਂ ਲਿਆ।
ਇਹ ਵੀ ਪੜ੍ਹੋ: ਅਨੁਰਾਗ ਠਾਕੁਰ ਦਾ ਬਿਆਨ - ਮਨੀਸ਼ ਸਿਸੋਦੀਆ ਮੁਲਜ਼ਮ ਨੰਬਰ ਇਕ ਹੋ ਸਕਦੇ ਹਨ ਪਰ ਕਿੰਗਪਿਨ ਕੇਜਰੀਵਾਲ
ਮੋਰਚੇ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਵੱਲ ਰਵਾਨਾ ਹੋਏ 31 ਮੈਂਬਰੀ ਜਥੇ ਦੀ ਅਗਵਾਈ ਭਾਈ ਬਲਵਿੰਦਰ ਸਿੰਘ ਸੁਨਾਮ ਵੱਲੋਂ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਜਥਾ ਚੰਡੀਗੜ੍ਹ ਵੱਲ ਵਧਿਆ ਪਰ ਪੁਲਿਸ ਨੇ ਬੈਰੀਕੇਡ ਲਗਾ ਕੇ ਸੈਕਟਰ-52 ਅਤੇ ਸੈਕਟਰ 53 ਸੜਕ ’ਤੇ ਹੀ ਰੋਕ ਲਿਆ। ਜਥੇ ਨੇ ਉੱਥੇ ਬੈਠ ਕੇ ਸ਼ਾਂਤੀਮਈ ‘ਸਤਿਨਾਮ ਵਾਹਿਗੁਰੂ ਦਾ ਜਾਪ’ ਕੀਤਾ ਅਤੇ ਬਾਅਦ ਦੁਪਹਿਰ ਅਰਦਾਸ ਕਰਕੇ ਜਥਾ ਵਾਪਸ ਮੋਰਚੇ ’ਤੇ ਪਹੁੰਚ ਗਿਆ।