
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਉਂਦੇ ਪੰਜ ਸਾਲਾਂ ਦੌਰਾਨ ਸੂਬੇ ਵਿਚ 500 ਅੱਗ ਬੁਝਾਊ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ
ਚੰਡੀਗੜ੍ਹ, 9 ਅਗੱਸਤ (ਜੈ ਸਿੰਘ ਛਿੱਬਰ) : ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਉਂਦੇ ਪੰਜ ਸਾਲਾਂ ਦੌਰਾਨ ਸੂਬੇ ਵਿਚ 500 ਅੱਗ ਬੁਝਾਊ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਸੰਕਟ ਸਮੇਂ ਗੱਡੀਆਂ ਸਹਾਈ ਹੋ ਸਕਣ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਸ. ਸਿੱਧੂ ਨੇ ਅੱਜ ਸੈਕਟਰ-35 ਸਥਿਤ ਮਿਊਂਸਪਲ ਭਵਨ 'ਚ ਵੱਖ-ਵੱਖ ਨਗਰ ਕੌਂਸਲਾਂ ਲਈ ਅੱਠ ਫ਼ਾਇਰ ਬਿਗ੍ਰੇਡ ਗੱਡੀਆਂ ਨੂੰ ਰਵਾਨਾ ਕਰਨ ਮੌਕੇ ਕੀਤਾ।
Êਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਵਿਭਾਗ ਵਲੋਂ ਫ਼ਾਇਰ ਸਰਵਿਸਿਜ਼ ਐਕਟ ਕੈਬਨਿਟ ਮੀਟਿੰਗ ਵਿਚ ਲਿਆਂਦਾ ਜਾਵੇਗਾ ਜਿਸ ਨਾਲ ਹਰ ਨਵੀਂ ਬਣਨ ਵਾਲੀ ਇਮਾਰਤ ਦੇ ਨਿਰਮਾਣ ਦੌਰਾਨ ਚੌਕਸੀ ਵਜੋਂ ਅੱਗ ਬੁਝਾਊ ਮਾਪੰਦਡਾਂ ਨੂੰ ਧਿਆਨ ਵਿਚ ਰੱਖ ਕੇ ਇਮਾਰਤ ਬਣਾਉਣੀ ਪਵੇਗੀ।
ਅਕਾਲੀ ਭਾਜਪਾ ਸਰਕਾਰ 'ਤੇ ਤਿਖੇ ਵਿਅੰਗ ਕਸਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਫ਼ਾਇਰ ਸੇਵਾਵਾਂ ਵਲ ਧਿਆਨ ਨਹੀਂ ਦਿਤਾ। ਮਾਰਚ 2013 ਵਿਚ ਖ਼ਤਮ ਹੋਈ ਕੌਮੀ ਆਫ਼ਤਨ ਪ੍ਰਬੰਧਨ ਸਕੀਮ ਤਹਿਤ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ 3.22 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਪਰ ਪੰਜਾਬ ਸਰਕਾਰ ਵਲੋਂ ਸਿਰਫ਼ 58 ਲੱਖ ਰੁਪਏ ਦਾ ਵਰਤੋਂ ਸਰਟੀਫ਼ੀਕੇਟ (ਯੂ.ਸੀ.) ਭੇਜਿਆ ਗਿਆ ਜਦਕਿ 2.64 ਕਰੋੜ ਰੁਪਏ ਦਾ ਵਰਤੋਂ ਸਰਟੀਫ਼ੀਕੇਟ ਪਿਛਲੇ ਚਾਰ ਸਾਲਾਂ ਤੋਂ ਭੇਜਿਆ ਹੀਂ ਨਹੀਂ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਸ ਦੀ ਪੈਰਵੀ ਕਰ ਕੇ ਕੌਮੀ ਆਫ਼ਤਨ ਪ੍ਰਬੰਧ ਤਹਿਤ ਕੇਂਦਰ ਸਰਕਾਰ ਤੋਂ ਮਿਲਣ ਵਾਲੇ ਫ਼ੰਡਾਂ ਲਈ ਚਾਰਾਜੋਈ ਕੀਤੀ ਜਾ ਰਹੀ ਹੈ।
ਸਿੱਧੂ ਨੇ ਕਿਹਾ ਕਿ ਪਿਛਲੀ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਨੇ ਵੱਖ ਫ਼ਾਇਰ ਡਾਇਰੈਕਟਰੇਟ ਸਥਾਪਤ ਕਰਨ ਦੀ ਮਨਜ਼ੂਰੀ ਦਿੰਦਿਆਂ ਸਾਲਾਨਾ 2 ਕਰੋੜ ਰੁਪਏ ਫ਼ੰਡ ਵੀ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਡਾਇਰੈਕਟਰੇਟ ਦੇ ਬਣਨ ਨਾਲ ਨਵੀਂਆਂ ਗੱਡੀਆਂ, ਸਿਖਲਾਈ ਪ੍ਰਾਪਤ ਡਰਾਈਵਰ ਤੇ ਫ਼ਾਇਰਮੈਨ, ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਫ਼ਾਇਰ ਸੂਟ ਆਦਿ ਮੁਹੱਈਆ ਕਰਵਾਏ ਜਾ ਸਕਣਗੇ। ਸਿੱਧੂ ਨੇ ਦਸਿਆ ਕਿ ਅੱਜ ਨਗਰ ਕੌਂਸਲ ਹੁਸ਼ਿਆਰਪੁਰ, ਨਵਾਂ ਸ਼ਹਿਰ, ਸਮਾਣਾ, ਤਰਨਤਾਰਨ, ਪੱਟੀ, ਸਰਹਿੰਦ ਤੇ ਜ਼ੀਰਾ ਅਤੇ ਨਗਰ ਪੰਚਾਇਤ ਚਮਕੌਰ ਸਾਹਿਬ ਨੂੰ ਅੱਗ ਬਝਾਊ ਗੱਡੀਆਂ ਦਿਤੀਆਂ ਹਨ।
ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਸਿੱਧੂ ਨੇ ਕਿਹਾ ਕਿ ਸੂਬੇ ਵਿਚ ਪਹਿਲਾਂ 195 ਫ਼ਾਇਰ ਵਾਹਨ ਸਨ ਜਿਨ੍ਹਾਂ ਵਿਚੋਂ 114 ਸਮਾਂ ਵਿਹਾ ਚੁੱਕੇ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਅੱਜ ਵਾਲੀਆਂ ਫ਼ਾਇਰ ਬ੍ਰਿਗੇਡ ਨੂੰ ਮਿਲਾ ਕੇ ਹੁਣ ਤਕ 19 ਫ਼ਾਇਰ ਬ੍ਰਿਗੇਡ ਨਵੀਂਆਂ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀਆਂ ਦੁਰਘਟਨਾਵਾਂ ਨਾਲ ਨਜਿੱਠਣ ਲਈ 50 ਹਜ਼ਾਰ ਦੀ ਵਸੋਂ ਪਿੱਛੇ ਇਕ ਫ਼ਾਇਰ ਬ੍ਰਿਗੇਡ ਦਾ ਹੋਣਾ ਲਾਜ਼ਮੀ ਹੈ।
ਉਨ੍ਹਾਂ ਦਸਿਆ ਕਿ ਇਸ ਵੇਲੇ ਸਿਰਫ਼ ਮੋਹਾਲੀ ਵਿਖੇ ਹਾਈਡਰੌਲਿਕ ਪੌੜੀ ਵਾਲੀ ਅਤਿ-ਆਧੁਨਿਕ ਫ਼ਾਇਰ ਵਾਹਨ ਮੌਜੂਦ ਹੈ ਜਿਹੜੀ ਉੱਚੀਆਂ ਇਮਾਰਤਾਂ ਲਈ ਜ਼ਰੂਰੀ ਹੈ।
ਇਸ ਮੌਕੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ, ਕੁਲਜੀਤ ਸਿੰਘ ਨਾਗਰਾ, ਹਰਮਿੰਦਰ ਸਿੰਘ ਗਿੱਲ, ਸ਼ਾਮ ਸੁੰਦਰ ਅਰੋੜਾ, ਰਾਜਿੰਦਰ ਸਿੰਘ, ਧਰਮਪਾਲ ਅਗਨੀਹੋਤਰੀ (ਸਾਰੇ ਵਿਧਾਇਕ) ਤੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਤੇ ਡਾਇਰੈਕਟਰ ਕੇ.ਕੇ.ਯਾਦਵ ਵੀ ਹਾਜ਼ਰ ਸਨ।