
ਜ਼ਿਲ੍ਹੇ ਦੇ ਪਿੰਡ ਜਿਉਂਦ ਦੇ ਇਕ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਕਿਸਾਨ ਵਲੋਂ ਜ਼ਹਿਰੀਲਾ ਘੋਲ ਪੀ ਕੇ ਖ਼ੁਦਕੁਸ਼ੀ ਕਰਨ ਦੇ ਨਾਲ ਕਿਸਾਨ ਨੇ ਦੋ ਖ਼ੁਦਕੁਸ਼ੀ ਪੱਤਰ ਵੀ ਲਿਖੇ ਹਨ।
ਬਠਿੰਡਾ, 9 ਅਗੱਸਤ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਜ਼ਿਲ੍ਹੇ ਦੇ ਪਿੰਡ ਜਿਉਂਦ ਦੇ ਇਕ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਕਿਸਾਨ ਵਲੋਂ ਜ਼ਹਿਰੀਲਾ ਘੋਲ ਪੀ ਕੇ ਖ਼ੁਦਕੁਸ਼ੀ ਕਰਨ ਦੇ ਨਾਲ ਕਿਸਾਨ ਨੇ ਦੋ ਖ਼ੁਦਕੁਸ਼ੀ ਪੱਤਰ ਵੀ ਲਿਖੇ ਹਨ।
ਜਾਣਕਾਰੀ ਅਨੁਸਾਰ ਨਾਈ ਸਿੱਖ ਬਰਾਦਰੀ ਨਾਲ ਸਬੰਧਤ ਕਿਸਾਨ ਟੇਕ ਸਿੰਘ ਪੁੱਤਰ ਪ੍ਰਤਾਪ ਸਿੰਘ ਇਕ ਏਕੜ ਭੋਅ ਦਾ ਮਾਲਕ ਸੀ ਜਿਸ ਦੇ ਸਿਰ ਸਰਕਾਰੀ/ਗ਼ੈਰ ਸਰਕਾਰੀ ਕਰੀਬ 5-6 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨ ਨੇ ਅਪਣੇ ਖੇਤ ਵਿਚ ਜ਼ਹਿਰੀਲਾ ਘੋਲ ਪੀ ਕੇ ਜੀਵਨ ਲੀਲਾ ਖ਼ਤਮ ਕਰ ਲਈ ਜਦਕਿ ਪਰਵਾਰਕ ਮੈਂਬਰਾਂ ਨੂੰ ਸਵੇਰੇ ਖੇਤ ਵਿਚ ਜਾਣ ਮੌਕੇ ਵਾਪਰੀ ਘਟਨਾ ਸਬੰਧੀ ਪਤਾ ਲੱਗਾ।
ਮ੍ਰਿਤਕ ਨੇ ਅਪਣੇ ਖ਼ੁਦਕੁਸ਼ੀ ਨੋਟ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਮੈਂ ਕਾਂਗਰਸ ਨੂੰ ਵੋਟ ਪਾਈ ਹੈ ਜਦਕਿ ਕਾਂਗਰਸ (ਤੁਸੀਂ) ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਪਰ ਅਜਿਹਾ ਨਾ ਹੋਣ ਦੀ ਸੂਰਤ ਕਾਰਨ ਮੈਂ ਖ਼ੁਦਕੁਸ਼ੀ ਕਰ ਰਿਹਾ ਹੈ ਅਤੇ ਪੱਤਰ ਵਿਚ ਉਸ ਨੇ ਅਪਣੇ ਆੜ੍ਹਤੀਏ ਕਮ ਕਾਂਗਰਸ ਆਗੂ ਦਾ ਵੀ ਜ਼ਿਕਰ ਕੀਤਾ ਹੈ। ਇਸ ਸਬੰਧੀ ਉਸ ਨੇ ਲਿਖਿਆ ਹੈ ਕਿ ਆੜ੍ਹਤੀਆਂ ਕਿਸਾਨਾਂ ਤੋਂ ਪਹਿਲਾਂ ਹੀ ਖ਼ਾਲੀ ਚੈੱਕ ਲੈ ਲੈਂਦਾ ਹੈ ਅਤੇ ਬਾਅਦ ਵਿਚ ਰਕਮ ਵਸੂਲਣ ਲਈ ਇਨ੍ਹਾਂ ਚੈੱਕਾਂ ਦਾ ਇਸਤੇਮਾਲ ਕਰਦਾ ਹੈ ਅਤੇ ਮੈਂ ਜੇਲ ਜਾਣ ਦੇ ਡਰ ਕਾਰਨ ਖ਼ੁਦਕੁਸ਼ੀ ਕਰ ਰਿਹਾ ਹਾਂ।
ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦਸਿਆ ਕਿ ਮੌਕੇ 'ਤੇ ਪੁਲਿਸ ਜਾ ਕੇ ਜ਼ਰੂਰ ਆਈ ਹੈ ਜਦਕਿ ਖ਼ੁਦਕੁਸ਼ੀ ਨੋਟ ਦਾ ਵੀ ਹਾਜ਼ਰੀਨ ਵਲੋਂ ਜ਼ਿਕਰ ਨਹੀਂ ਕੀਤਾ ਖ਼ੁਦਕੁਸ਼ੀ ਨੋਟ 'ਸਪੋਕਸਮੈਨ' ਦੇ ਹੱਥ ਜ਼ਰੂਰ ਲੱਗਿਆ ਜਿਸ ਨੇ ਕਿਸਾਨਾਂ ਦਾ ਸੱਚ ਲੋਕਾਂ ਅਤੇ ਸਰਕਾਰ ਸਾਹਮਣੇ ਲਿਆਉਣ ਦੇ ਯਤਨ ਕੀਤੇ ਹਨ।