
ਰੌਲਾ-ਰੱਪਾ, ਵਾਕ-ਆਊਟ ਤੇ ਨਾਹਰੇਬਾਜ਼ੀ ਰਹੀ ਭਾਰੂ
ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਇਜਲਾਸ ਦੀ ਕਾਰਵਾਈ ਅੱਜ ਪੰਜਵੇਂ ਦਿਨ ਵੀ ਰੌਲੇ-ਰੱਪੇ, ਨਾਹਰੇਬਾਜ਼ੀ, ਸੱਤਾਧਾਰੀ ਤੇ ਵਿਰੋਧੀ ਬੈਂਚਾ ਵਿਚਾਲੇ ਨੋਕ-ਝੋਕ ਤੇ ਤੋਹਮਤਬਾਜ਼ੀ ਦੀ ਭੇਂਟ ਚੜ੍ਹ ਗਈ। ਪ੍ਰਸ਼ਨਕਾਲ, ਸਿਫ਼ਰ ਕਾਲ, ਧਿਆਨ ਦੁਆਊ ਮਤਿਆਂ ਸਮੇਂ ਅਤੇ 20 ਮਾਰਚ ਨੂੰ ਰਾਜਪਾਲ ਵਲੋਂ ਦਿਤੇ ਭਾਸ਼ਨ 'ਤੇ ਧਨਵਾਦ ਦੇ ਮਤੇ ਸਬੰਧੀ ਜਾਰੀ ਬਹਿਸ ਮੌਕੇ ਵੀ ਟੋਕਾ ਟਾਕੀ ਅਤੇ ਗਰਮਾ ਗਰਮੀ ਇੰਨੀ ਵਧ ਗਈ ਕਿ ਬਹੁਤਾ ਸਮਾਂ ਕੁੱਝ ਸੁਣਾਈ ਨਹੀਂ ਦਿਤਾ। ਸਿਫ਼ਰ ਕਾਲ ਦੌਰਾਨ ਹੀ ਤਿੰਨ ਵਾਰ ਸਪੀਕਰ ਰਾਣਾ ਕੇਪੀ ਨੇ ਐਲਾਨ ਕੀਤਾ ਕਿ ਸਿਫ਼ਰ ਕਾਲ ਖ਼ਤਮ ਹੋ ਗਿਆ, ਅਗਲੀ ਕਾਰਵਾਈ ਯਾਨੀ ਧਿਆਨ ਦੁਆਊ ਮਤੇ ਸ਼ੁਰੂ ਕੀਤੇ ਜਾਣ ਪਰ ਸਾਰੇ ਪਾਸਿਉਂ ਸਥਿਤੀ ਕਾਬੂ ਨਾ ਹੁੰਦੀ ਵੇਖ ਸਪੀਕਰ ਫਿਰ ਮੈਂਬਰਾਂ ਨੂੰ ਅਪਣੇ ਮੁੱਦੇ ਉਠਾਉਣ ਲਈ ਇਜਾਜ਼ਤ ਦੇ ਦਿੰਦੇ ਸਨ। ਇਸੇ ਸਿਫ਼ਰ ਕਾਲ ਦੌਰਾਨ ਹੀ ਦਰਜਨ ਤੋਂ ਵੱਧ ਵਿਧਾਇਕਾਂ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਆਪੋ ਅਪਣੇ ਨੁਕਤੇ ਉਠਾਏ। ਲੁਧਿਆਣਾ ਵਿਚ ਬੀਤੇ ਕਲ ਪੁਲਿਸ ਵਲੋਂ ਧਰਨਾਕਾਰੀ ਤੇ ਹੜਤਾਲੀ ਟੀਚਰਾਂ, ਕੰਪਿਊਟਰ ਤੇ ਰਸਮਾ ਅਧਿਆਪਕਾਂ ਸਮੇਤ ਆਂਗਨਵਾੜੀ ਵਰਕਰਾਂ 'ਤੇ ਕੀਤੇ ਲਾਠੀਚਾਰਜ ਦਾ ਮਾਮਲਾ ਖਹਿਰਾ ਤੇ ਹੋਰਨਾਂ ਨੇ ਚੁਕਿਆ। ਸਨਿਚਰਵਾਰ ਨੂੰ ਪੇਸ਼ ਬਜਟ ਤਜਵੀਜ਼ਾਂ ਤੋਂ ਪਹਿਲਾਂ ਹੀ ਮੰਤਰੀ ਨਵਜੋਤ ਸਿੱਧੂ ਵਲੋਂ ਬੱਸ ਸਟੈਂਡਾਂ ਦੀ ਉਸਾਰੀ ਬਾਰੇ ਜਾਣਕਾਰੀ ਲੀਕ ਕਰਨ 'ਤੇ ਅਕਾਲੀ ਦਲ ਦੇ ਪਰਮਿੰਦਰ ਢੀਂਡਸਾ ਨੇ ਅਪਣੇ ਦਿਤੇ ਪਰਿਵਲੇਜ ਨੋਟਿਸ ਬਾਰੇ ਰੌਲਾ ਪਾਇਆ। ਭਾਜਪਾ ਦੇ ਸੋਮ ਪ੍ਰਕਾਸ਼ ਨੇ ਸਪੀਕਰ 'ਤੇ ਤੋਹਮਤ ਲਾਈ ਕਿ ਉਨ੍ਹਾਂ ਵੀਰਵਾਰ
ਦੀ ਬੈਠਕ ਵਿਚ ਗ਼ੈਰ ਸਰਕਾਰੀ ਦਿਨ ਦੌਰਾਨ ਸਰਕਾਰੀ ਕੰਮ ਕਾਜ ਕਿਉਂ ਨਿਪਟਾਇਆ। ਵਿਰੋਧੀ ਧਿਰ ਵਲੋਂ ਪਵਨ ਟੀਨੂੰ, ਖਹਿਰਾ, ਕੰਵਰ ਸੰਧੂ, ਬਿਕਰਮ ਮਜੀਠੀਆ ਤੇ ਸੱਤਾਧਾਰੀ ਧਿਰ ਵਲੋਂ ਸੁਖਜਿੰਦਰ ਰੰਧਾਵਾ, ਕੁਲਜੀਤ ਨਾਗਰਾ, ਅਮਰਿੰਦਰ ਰਾਜਾ ਵੜਿੰਗ, ਚਰਨਜੀਤ ਚੰਨੀ, ਸਾਧੂ ਸਿੰਘ ਧਰਮਸੋਤ ਮਿਹਣੇ-ਕੁਮਿਹਣੇ ਅਤੇ ਉੱਚੀ-ਉੱਚੀ ਘੜਮਸ ਪਾਉਂਦੇ ਰਹੇ। ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਈ ਬੈਠਕ ਦੌਰਾਨ ਪ੍ਰਸ਼ਨ ਕਾਲ ਮੌਕੇ ਅਤੇ ਸਿਫ਼ਰ ਕਾਲ ਦੌਰਾਨ ਵੀ ਰੌਲਾ ਪੈਂਦਾ ਰਿਹਾ। ਇਸੇ ਸਮੇਂ ਸਪੀਕਰ ਨੇ ਤਿੰਨ ਧਿਆਨ ਦੁਆਊ ਮਤੇ ਵੀ ਨਿਬੇੜ ਦਿਤੇ, ਜਿਨ੍ਹਾਂ ਦੇ ਜਵਾਬ ਸਿਖਿਆ ਮੰਤਰੀ ਅਰੁਣਾ ਚੌਧਰੀ, ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਿਤੇ।
WalkOut
ਇਸੇ ਸ਼ੋਰ-ਸ਼ਰਾਬੇ ਦੌਰਾਨ ਵਿਧਾਨ ਸਭਾ ਨੇ ਅੱਜ ਜੁਬਾਨੀ ਬਿਨਾਂ ਕਿਸੇ ਲਿਖਤੀ ਨੋਟਿਸ ਦੇ ਸਬਰਸੰਮਤੀ ਨਾਲ ਇਕ ਮਤਾ ਪਾਸ ਕਰ ਦਿਤਾ, ਜਿਸ ਦਾ ਸਬੰਧ ਸੁਪਰੀਮ ਕੋਰਟ ਵਲੋਂ ਇਕ ਅਹਿਮ ਕੇਸ 'ਚ ਦਿਤੇ ਅੱਜ ਦੇ ਫ਼ੈਸਲੇ ਨਾਲ ਹੈ।ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਕੁਝ ਅੰਸ਼ ਆਏ ਕਿ ਅੱਗੋਂ ਤੋਂ ਅਨੁਸੂਚਿਤ ਜਾਤੀ ਵਿਰੁਧ ਵਰਤੀ ਗਈ ਸ਼ਬਦਾਵਲੀ ਦੇ ਦੋਸ਼ੀ ਨੂੰ ਤੁਰੰਤ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਇਸ ਨੁਕਤੇ ਨੂੰ ਸਿਫ਼ਰ ਕਾਲ ਦੇ ਰੌਲੇ ਦੌਰਾਨ ਸੱਤਾਧਾਰੀ ਪੱਖ ਵਲੋਂ ਮੈਂਬਰ ਸ੍ਰੀ ਰਿੰਕੂ ਨੇ ਉਠਾਇਆ। ਇਸ 'ਤੇ ਅਨੁਸੂਚਿਤ ਜਾਤੀ ਮੰਤਰੀ ਚਰਨਜੀਤ ਚੰਨੀ ਤੇ ਸਾਧੂ ਸਿੰਘ ਧਰਮਸੋਤ ਨੇ ਜ਼ੋਰਦਾਰ ਪ੍ਰੋੜਤਾ ਕੀਤੀ। ਸ. ਚੰਨੀ ਨੇ ਮੌਜੂਦਾ ਕੇਂਦਰ ਸਰਕਾਰ ਨੂੰ ਦੁਸ਼ਮਣ ਜਮਾਤ ਕਿਹਾ ਅਤੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਤੋਂ ਜ਼ੋਰ ਨਾਲ ਫ਼ੈਸਲਾ ਕਰਵਾਇਆ ਗਿਆ ਹੈ। ਮੰਗ ਉੱਠੀ ਕਿ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਕੋਈ ਭਾਸ਼ਾ ਨਹੀਂ, ਨਾ ਹੀ ਮਤੇ ਨੂੰ ਲਿਖਤੀ ਰੂਪ ਦਿਤਾ। ਸਪੀਕਰ ਨੇ ਐਲਾਨ ਕਰ ਦਿਤਾ, ਸਰਬਸੰਮਤੀ ਨਾਲ ਮਤਾ ਪਾਸ ਕੀਤਾ ਜਾਂਦਾ ਹੈ।ਇਸ ਜੁਬਾਨੀ ਮਤੇ ਨੂੰ ਨਾ ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ, ਨਾ ਹੀ ਸ. ਚੰਨੀ ਅਤੇ ਖ਼ਬਰਾਂ ਲਿਖਣ ਤਕ ਵਿਧਾਨ ਸਭਾ ਵਲੋਂ ਵੀ ਮਤੇ ਦੀ ਕਾਪੀ ਮੀਡੀਆ ਨੂੰ ਜਾਰੀ ਨਹੀਂ ਕੀਤੀ ਗਈ।ਸਪੀਕਰ ਰਾਣਾ ਕੇ.ਪੀ. ਨੇ ਹਾਊਸ ਦੀ ਕਾਰਵਾਈ ਦੌਰਾਨ ਨਿਯਮਾਂ ਦੀ ਉਲੰਘਣਾ ਹੋਣ, ਫ਼ਜੂਲ ਵਕਤ ਦੀ ਬਰਬਾਦੀ ਅਤੇ ਮੈਂਬਰਾਂ ਵਲੋਂ ਕਹਿਣਾ ਨਾ ਮੰਨਣ ਅਤੇ ਅਨੁਸ਼ਾਸਨ ਭੰਗ ਕਰਨ 'ਤੇ ਕਾਫੀ ਦੁੱਖ ਪ੍ਰਗਟ ਕੀਤਾ ਤੇ ਨਾਰਾਜ਼ਗੀ ਜ਼ਾਹਰ ਕੀਤੀ। ਵਿਰੋਧੀ ਧਿਰ ਦੇ ਨੇਤਾ ਸ. ਸੁਖਪਾਲ ਸਿੰਘ ਖਹਿਰਾ ਨੇ ਵੀ ਸਪੀਕਰ ਵਲੋਂ ਅਪਣਾਈ ਨੀਤੀ 'ਤੇ ਵਾਰ-ਵਾਰ ਰਾਣਾ ਕੇ.ਪੀ. ਸਿੰਘ ਨੂੰ ਟਕੋਰ ਮਾਰੀ। ਇਸ ਸਮੇਂ 'ਆਪ' ਦੇ ਸਾਰੇ ਵਿਧਾਇਕ, ਸੁਖਪਾਲ ਖਹਿਰਾ ਦੀ ਅਗਵਾਈ 'ਚ ਪਹਿਲਾਂ ਹੱਥਾਂ 'ਚ ਤਖ਼ਤੀਆਂ ਫੜ ਕੇ ਅਪਣੀਆਂ ਸੀਟਾਂ 'ਤੇ ਨਾਹਰੇ ਲਗਾਉਂਦੇ ਰਹੇ ਅਤੇ ਬਾਅਦ 'ਚ ਵਾਕ ਆਊਟ ਕਰ ਗਏ। ਉਨ੍ਹਾਂ ਨੇ ਤਖ਼ਤੀਆਂ 'ਤੇ ਦਲਿਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ, ਪੈਨਸ਼ਨਾਂ ਜਾਰੀ ਕਰਨਾ ਅਤੇ ਅਨੁਸੂਚਿਤ ਜਾਤੀ ਲਈ ਰਿਜ਼ਰਵ ਪੋਸਟਾਂ ਦਾ ਬੈਕਲਾਗ ਭਰਨ ਦੀਆਂ ਮੰਗਾਂ ਲਿਖੀਆਂ ਹੋਈਆਂ ਸਨ।ਚਾਰ ਦਿਨ ਪਹਿਲਾਂ ਰਾਜਪਾਲ ਵਲੋਂ ਵਿਧਾਨ ਸਭਾ 'ਚ ਦਿਤੇ ਭਾਸ਼ਨ 'ਤੇ ਧਨਵਾਦ ਦੇ ਮਦੇ ਦੀ ਬਹਿਸ ਪਿਛਲੇ ਦੋ ਦਿਨ ਤੋਂ ਚਲੀ ਆ ਰਹੀ ਹੈ। ਅੱਜ ਫਿਰ ਇਸ ਨੂੰ ਜਾਰੀ ਰਖਦੇ ਹੋਏ ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਗਿੱਲ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਾਂ ਉਸ ਪੱਥਰ ਤੋਂ ਹਟਾਉਣ ਦੀ ਮੰਗ ਕੀਤੀ, ਜਿਹੜਾ ਦਰਬਾਰ ਸਾਹਿਬ ਦੇ ਬਾਹਰ ਬਣਾਏ ਉਸ ਹੈਰੀਟੇਜ਼ ਦੀ ਐਂਟਰੀ 'ਤੇ ਲਾਇਆ ਹੈ। ਗਿੱਲ ਨੇ ਕਿਹਾ ਕਿ ਇਸ ਪੱਥਰ 'ਤੇ ਲਿਖੇ ਸ਼ਬਦ 'ਉਲੀਕਿਆ ਤੇ ਸਿਰਜਨਾ' ਹੈਂਕੜਬਾਜ਼ੀ ਦੀ ਨਿਸ਼ਾਨੀ ਹਨ। ਇਸ 'ਤੇ ਅਕਾਲੀ ਦਲ ਦੇ ਵਿਧਾਇਕ ਰੋਹ 'ਚ ਆਏ, ਰੌਲਾ ਪਾਇਆ ਅਤੇ ਕਿਹਾ ਕਿ ਇਹ ਤਾਂ ਸ਼ਹਿਰ ਅੰਮ੍ਰਿਤਸਰ, ਬਾਜ਼ਾਰ ਦਾ ਹਿੱਸਾ ਹੈ, ਦਰਬਾਰ ਸਾਹਿਬ ਦਾ ਨਹੀਂ।ਜਦੋਂ ਇਸ ਧੰਨਵਾਦ ਦੇ ਮਤੇ 'ਤੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਨੇ ਅਪਣੀ ਵਾਰੀ ਸਮੇਂ ਕਾਂਗਰਸ 'ਤੇ ਚੋਭ ਮਾਰੀ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਰਾਜਪਾਲ ਕੋਲੋਂ ਪੜ੍ਹਵਾਏ ਭਾਸ਼ਨ 'ਚ ਨਾ ਤਾਂ ਚੰਡੀਗੜ੍ਹ ਰਾਜਧਾਨੀ ਲੈਣ, ਨਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਲਈ ਦੁਆਉਣ ਅਤੇ ਨਾ ਹੀ ਨਵੰਬਰ 84 ਦੀ ਗੱਲ ਆਖੀ ਹੈ। ਕਾਂਗਰਸ ਨੇ ਇਹ ਹੱਕ ਛੱਡ ਹੀ ਦਿਤੇ ਹਨ। ਇਸ 'ਤੇ ਫਿਰ ਹੰਗਾਮਾ ਹੋ ਗਿਆ।ਅੱਜ ਦੀ ਬੈਠਕ ਸਮੇਂ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਤਿੰਨ ਘੰਟੇ ਤੋਂ ਵੱਧ ਡਿਊਟੀ ਨਿਭਾਈ, ਕਿਉਂਕਿ ਸਪੀਕਰ ਰਾਣਾ ਕੇ.ਪੀ. ਬਹਿਸ ਜਾਰੀ ਕਰਵਾ ਕੇ ਜ਼ਿੰਮੇਵਾਰੀ ਸ. ਭੱਟੀ ਨੂੰ ਸੌਂਪ ਗਏ ਸਨ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਾਰਾ ਦਿਨ ਹਾਊਸ ਦੀ ਕਾਰਵਾਈ 'ਚ ਨਹੀਂ ਆਏ। ਭਲਕੇ ਉਹ ਸਵੇਰ ਦੀ ਬੈਠਕ 'ਚ ਧੰਨਵਾਦ ਦੇ ਮਤੇ 'ਤੇ ਬਹਿਸ ਦਾ ਜਵਾਬ ਦੇਣਗੇ।ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਪੂਰਾ ਦਿਨ ਨਹੀਂ ਆਏ, ਪਰ ਵੱਡੇ ਬਾਦਲ, ਸਾਬਕਾ ਮੁੱਖ ਮੰਤਰੀ ਨੇ ਕੁਝ ਵਕਤ ਹਾਜ਼ਰੀ ਜ਼ਰੂਰ ਭਰੀ। ਅੱਜ ਬਿਜ਼ਨਸ ਸਲਾਹਕਾਰ ਕਮੇਟੀ ਦੀ ਬੈਠਕ ਫਿਰ ਹੋਈ। ਅਗਲੇ ਦੋ ਦਿਨਾਂ ਦੀਆਂ ਬੈਠਕਾਂ ਦੇ ਪ੍ਰੋਗਰਾਮ 'ਚ ਮਾਮੂਲੀ ਤਬਦੀਲੀ ਕੀਤੀ ਗਈ।
ਹਾਊਸ ਵਲੋਂ ਪ੍ਰਵਾਨ ਕੀਤੀ ਰੀਪੋਰਟ 'ਚ ਦਸਿਆ ਗਿਆ ਕਿ ਭਲਕੇ ਤੋਂ ਬੈਠਕਾਂ ਹੋਣਗੀਆਂ, ਜਿਨ੍ਹਾਂ ਦਾ ਸਮਾਂ ਵੀ ਦੋ ਘੰਟੇ ਦੇ ਲਗਭਗ ਵਧਾਇਆ ਗਿਆ। ਕਲ੍ਹ ਸਵੇਰ ਦੀ ਬੈਠਕ 'ਚ ਮੁੱਖ ਮੰਤਰੀ ਦੇ ਜਵਾਬ ਉਪਰੰਤ ਬਜਟ ਪ੍ਰਸਤਾਵਾਂ 'ਤੇ ਵੀ ਦੋਨਾਂ ਬੈਠਕਾਂ 'ਚ ਚਰਚਾ ਹੋਵੇਗੀ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਖਰੀ ਦਿਨ 28 ਮਾਰਚ ਨੂੰ ਜਵਾਬ ਦੇਣਗੇ ਅਤੇ ਉਸ ਦਿਨ ਹੀ ਹਾਲ 2018-19 ਦੇ ਬਜਟ ਤਜ਼ਵੀਜ਼ਾਂ ਨੂੰ ਪਾਸ ਕੀਤਾ ਜਾਵੇਗਾ।