
ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦਾ ਖੁਰਾ ਖੋਜ ਹਟਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਜੰਗ ਨੂੰ ਜਿੱਤਣ ਵਿਚ ਪੰਜਾਬ ਪੁਲਿਸ ਦੀ ਵੱਡੀ ਭੂਮਿਕਾ..
ਚੰਡੀਗੜ੍ਹ, 9 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦਾ ਖੁਰਾ ਖੋਜ ਹਟਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਜੰਗ ਨੂੰ ਜਿੱਤਣ ਵਿਚ ਪੰਜਾਬ ਪੁਲਿਸ ਦੀ ਵੱਡੀ ਭੂਮਿਕਾ ਲੋੜੀਂਦੀ ਹੈ। ਇਸ ਕਾਰਨ ਪੰਜਾਬ ਪੁਲਿਸ ਨੂੰ ਅਪਣੀ ਜ਼ਿੰਮੇਵਾਰੀ ਪਹਿਚਾਣਦੇ ਹੋਏ ਇਹ ਯਤਨ ਹੋਰ ਤੇਜ਼ ਕਰਨੇ ਚਾਹੀਦੇ ਹਨ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਗ਼ਲਤਾਨ ਵਿਚੋਂ ਬਾਹਰ ਕੱਢਣ ਲਈ ਤਮਾਕੂ/ਨੈਕੋਟੀਨ ਸੇਵਨ ਵਿਰੋਧੀ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
ਇਹ ਬਿਆਨ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਜਾਰੀ ਪ੍ਰੈੱਸ ਨੋਟ ਵਿਚ ਦਿਤਾ ਗਿਆ
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਅਪਣੇ ਏਜੰਡੇ ਮੁਤਾਬਕ ਪੰਜਾਬ ਵਿਚੋਂ ਤਮਾਕੂ ਦੇ ਸੇਵਨ ਵਿਚ ਕਮੀ ਲਿਆਉਣ ਲਈ ਬੜੀ ਹੀ ਸ਼ਿੱਦਤ ਨਾਲ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁਧ ਆਰੰਭੀ ਗਈ ਮੁਹਿੰਮ ਅਸਲ ਮਾਅਨਿਆਂ ਵਿਚ ਤਾਂ ਹੀ ਜਿੱਤੀ ਜਾ ਸਕਦੀ ਹੈ ਜੇਕਰ ਸਾਰੀਆਂ ਸਬੰਧਤ ਧਿਰਾਂ ਅਪਣਾ-ਅਪਣਾ ਰੋਲ ਪਛਾਣਦੇ ਹੋਏ ਸਕਾਰਾਤਮਕ ਭੂਮਿਕਾ ਨਿਭਾਉਣ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇਸ ਲੜਾਈ ਵਿਚ ਵੱਡੀ ਜ਼ਿੰਮੇਵਾਰੀ ਬਣਦੀ ਹੈ, ਜਿਸ ਨੇ ਸੁਗੰਧਤ ਚੱਬਣ ਵਾਲੇ ਤਮਾਕੂ, ਸਿਗਰਟ ਅਤੇ ਹੋਰਨਾਂ ਅਤੇ ਤਮਾਕੂ ਉਤਪਾਦਾਂ ਐਕਟ (ਕੋਟਪਾ) ਨੂੰ ਲਾਗੂ ਕਰਵਾਉਣ ਲਈ ਅਪਣਾ ਯੋਗਦਾਨ ਦੇਣਾ ਹੈ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਲੋਂ ਡੀ.ਜੀ.ਪੀ. ਨੂੰ ਲਿਖਤੀ ਤੌਰ 'ਤੇ ਇਹ ਕਿਹਾ ਹੈ ਕਿ ਉਹ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਅਤੇ ਹੋਰਨਾਂ ਰਾਜ ਪਧਰੀ ਸੀਨੀਅਰ ਅਫ਼ਸਰਾਂ ਨੂੰ ਇਸ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ ਕਰ ਦੇਣ।