ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਵਿੱਦਿਅਕ ਵਰ੍ਹੇ 2017-18 ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਿਆਰਥੀਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਚੰਡੀਗੜ੍ਹ, 9 ਅਗੱਸਤ (ਲੋਕੇਸ਼) : ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੂੰ ਵਿੱਦਿਅਕ ਵਰ੍ਹੇ 2017-18 ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਦਿਆਰਥੀਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ। ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ 'ਚ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਐਨੀ ਵੱਡੀ ਗਿਣਤੀ 'ਚ ਕੌਮੀ ਅਤੇ ਕੌਮਾਂਤਰੀ ਵਿਦਿਆਰਥੀਆਂ ਨੇ 'ਵਰਸਿਟੀ ਦੇ ਵਿਸ਼ਵ-ਪਧਰੀ ਅਤੇ ਫਲੈਕਸੀਵਲ ਵਿੱਦਿਅਕ ਮਾਡਲ 'ਚ ਭਰੋਸਾ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇੰਡਸਟਰੀ ਨਾਲ ਮਜ਼ਬੂਤ ਗੱਠਜੋੜ ਅਤੇ ਵਿਦਿਆਰਥੀਆਂ ਦੀਆਂ ਅੰਤਰਰਾਸ਼ਟਰੀ ਪ੍ਰਾਪਤੀਆਂ ਸਦਕਾ 'ਵਰਸਿਟੀ ਨੂੰ ਏਸ਼ੀਆ ਦੀ ਸਰਵੋਤਮ ਨਿੱਜੀ ਯੂਨੀਵਰਸਿਟੀ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਦਮਿਕ ਸ਼ੈਸ਼ਨ 2017-18 ਤਹਿਤ ਯੂਨੀਵਰਸਿਟੀ ਇਸ ਵਰ੍ਹੇ ਅਮਰੀਕਾ, ਕੈਨੇਡਾ ਅਤੇ ਵੱਖ-ਵੱਖ ਅਫ਼ਰੀਕੀ ਮੁਲਕਾਂ ਸਮੇਤ ਵਿਸ਼ਵ ਦੇ 33 ਦੇਸ਼ਾਂ ਦੇ 372 ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ 'ਚ ਕਾਮਯਾਬ ਰਹੀ ਹੈ। ਰਾਸ਼ਟਰੀ ਪੱਧਰ 'ਤੇ ਵਿਲੱਖਣ ਪਛਾਣ ਬਣਾਉਂਦਿਆਂ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ਦੇ 29 ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਦਾ ਭਰੋਸਾ ਜਿੱਤਿਆ ਹੈ। ਇਨ੍ਹਾਂ ਵਿਦਿਆਰਥੀਆਂ ਦੇ ਪੁੱਜਣ ਨਾਲ 'ਵਰਸਿਟੀ ਕੈਂਪਸ ਦਾ ਸਮੁੱਚਾ ਵਿੱਦਿਅਕ ਮਾਹੌਲ ਅੰਤਰਰਾਸ਼ਟਰੀ ਰੰਗ ਵਿਚ ਰੰਗਿਆ ਗਿਆ ਹੈ।
ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ. ਐਸ. ਬਾਵਾ ਨੇ ਨਵੇਂ ਵਿੱਦਿਅਕ ਸ਼ੈਸ਼ਨ ਦੇ ਆਗ਼ਾਜ਼ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਯੂਨੀਵਰਸਿਟੀ ਦੇ ਨਿਯਮਾਂ, ਨੀਤੀਆਂ, ਸਿੱਖਿਆ ਪ੍ਰਬੰਧਾਂ, ਕਾਰਜ ਪ੍ਰਣਾਲੀਆਂ ਅਤੇ ਕੈਂਪਸ ਲਾਈਫ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਦੇ ਹੋਏ ਦਸਿਆ ਕਿ ਇਸ ਵਰ੍ਹੇ ਤੋਂ ਯੂਨੀਵਰਸਿਟੀ, ਫ਼ਿਜ਼ੀਓਥੈਰੇਪੀ, ਓਪਟੋਮੀਟਰੀ, ਐਮ.ਬੀ.ਏ. ਰਿਟੇਲ ਮੈਨੇਜ਼ਮੈਂਟ, ਐਮ.ਐਸ.ਸੀ. ਫ਼ਿਜ਼ਿਕਸ, ਕੈਮਿਸਟਰੀ, ਮੈਥ ਤੇ ਮੈਥੇਮੇਟਿਕਲ ਕੰਪਿਊਟਿੰਗ, ਐਮ.ਏ. ਇੰਗਲਿਸ਼, ਐੱਮ.ਏ. ਸਾਈਕੋਲਾਜੀ ਆਦਿ ਵੱਖ-ਵੱਖ ਵਿਸ਼ਿਆਂ 'ਚ ਨਵੇਂ ਕੋਰਸ ਆਰੰਭ ਕਰਨ ਜਾ ਰਹੀ ਹੈ।
ਯੂਨੀਵਰਸਿਟੀ ਦੇ ਪ੍ਰੋ. ਵਾਈਸ- ਚਾਂਸਲਰ ਡਾ. ਬੀ.ਐਸ. ਸੋਹੀ ਨੇ ਦਸਿਆ ਕਿ 'ਵਰਸਿਟੀ ਵਲੋਂ ਇੰਡਸਟਰੀ-ਅਕਾਦਮੀਆਂ ਭਾਈਵਾਲੀ ਤਹਿਤ ਮਾਈਕਰੋਸਾਫਟ, ਆਈ.ਬੀ.ਐਮ., ਟੈਕ ਮਹਿੰਦਰਾ, ਵਿਪਰੋ, ਵਾਲਵੋ- ਆਈਸ਼ਰ, ਆਈ. ਐਚ.ਜੀ ਕਾਂਟੀਨੈਂਟਲ, ਤਾਜ ਹੋਟਲ ਅਤੇ ਹੁੰਡਈ ਮੋਟਰਜ਼ ਜਿਹੀਆਂ ਦਿੱਗਜ਼ ਮਲਟੀਨੈਸ਼ਨਲ ਕੰਪਨੀਆਂ ਅਤੇ ਕੌਮਾਂਤਰੀ ਆਦਾਨ-ਪ੍ਰਦਾਨ ਤਹਿਤ 152 ਤੋਂ ਵੱਧ ਚੋਟੀ ਦੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਗੱਠਜੋੜ ਕਾਇਮ ਕਰ ਕੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਵਿਵਹਾਰਕ ਸਿੱਖਿਆ ਮੁਹੱਈਆ ਕਰਵਾਉਣ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ।