
ਇਹ ਜਾਣਕਾਰੀ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਥੇ ਸਾਂਝਾ ਮੁਲਾਜ਼ਮ ਮੰਚ ਅਤੇ ਵਿਭਾਗ ਦੇ ਗਰੁੱਪ-ਡੀ ਕਰਮਚਾਰੀਆਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਦਿਤੀ
ਚੰਡੀਗੜ੍ਹ: ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਨਾਲ ਸਬੰਧਤ 644 ਸਰਕਾਰੀ ਚੌਂਕੀਦਾਰਾਂ ਦੀ ਬੰਦ ਪੈਨਸ਼ਨ ਆਖ਼ਰ 32 ਸਾਲ ਦੇ ਲੰਮੇ ਅਰਸੇ ਤੋਂ ਬਾਅਦ ਬਹਾਲ ਹੋਈ ਹੈ। ਆਰਜ਼ੀ ਅਤੇ ਐਡਹਾਕ ਤੌਰ ’ਤੇ ਕੰਮ ਕਰ ਰਹੇ ਗਰੁੱਪ-ਡੀ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਵੀ ਸਰਕਾਰ ਵਲੋਂ ਰੈਗੂਲਰ ਕਰ ਦਿਤੀਆਂ ਗਈਆਂ ਹਨ। ਇਸ ਸਬੰਧੀ ਸਰਕਾਰ ਵਲੋਂ ਪਿਛਲੇ ਦਿਨੀਂ ਪੱਤਰ ਜਾਰੀ ਕੀਤਾ ਗਿਆ ਹੈ।
ਇਹ ਜਾਣਕਾਰੀ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਥੇ ਸਾਂਝਾ ਮੁਲਾਜ਼ਮ ਮੰਚ ਅਤੇ ਵਿਭਾਗ ਦੇ ਗਰੁੱਪ-ਡੀ ਕਰਮਚਾਰੀਆਂ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਦਿਤੀ। ਦੱਸਣਯੋਗ ਹੈ ਕਿ ਪਿਛਲੇ ਲੰਮੇ ਅਰਸੇ ਤੋਂ ਚੌਂਕੀਦਾਰ ਪੈਨਸ਼ਨ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਸਨ ਅਤੇ ਉਨ੍ਹਾਂ ਰੋਸ ਵਜੋਂ ਅਪਣੇ ਖ਼ੂਨ ਦੇ ਪਿਆਲੇ ਭਰ ਕੇ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਸੌਂਪੇ ਸਨ।
ਮੰਤਰੀ ਨੇ ਰੈਗੂਲਰ ਹੋਏ ਕਾਮਿਆਂ ਨੂੰ ਉਨ੍ਹਾਂ ਦੇ ਘਰੇਲੂ ਜ਼ਿਲ੍ਹਿਆਂ ਵਿਚ ਵਿੱਤ ਵਿਭਾਗ ਦੀ ਪ੍ਰਵਾਨਗੀ ਹਾਸਲ ਕਰਨ ਤੋਂ ਬਾਅਦ ਨਿਯੁਕਤ ਕਰਨ ਦਾ ਵੀ ਭਰੋਸਾ ਦਿਤਾ ਹੈ। ਮੰਤਰੀ ਨੂੰ ਮਿਲਣ ਵਾਲੇ ਗਰੁੱਪ-ਡੀ ਕਰਮਚਾਰੀਆਂ ਦੇ ਆਗੂਆਂ ਵਿਚ ਸਾਂਝੇ ਮੁਲਾਜ਼ਮ ਮੰਚ ਦੇ ਆਗੂ ਸੁਖਚੈਨ ਸਿੰਘ ਖਹਿਰਾ ਤੋਂ ਇਲਾਵਾ ਭੁਪਿੰਦਰ ਸਿੰਘ ਜੱਸੀ, ਸ਼ੇਰ ਸਿੰਘ ਹਰੀਗੜ੍ਹ, ਭਜਨ ਸਿੰਘ ਸੰਗਰੂਰ, ਕੁਲਦੀਪ ਸਿੰਘ ਕੌਲ, ਰਾਮ ਜੀ ਦਾਸ, ਕਰਨੈਲ ਦਾਸ, ਧੰਨਾ ਸਿੰਘ ਆਦਿ ਸ਼ਾਮਲ ਸਨ।