
ਇਨ੍ਹਾਂ ਨਵੇਂ ਪ੍ਰਾਜੈਕਟਾਂ ਵਿਚ ਕਈ ਜਨਤਕ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ।
ਚੰਡੀਗੜ੍ਹ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਇੱਕ ਦਿਨਾਂ ਦੌਰੇ 'ਤੇ ਚੰਡੀਗੜ੍ਹ ਪਹੁੰਚ ਗਏ ਹਨ। ਉਨ੍ਹਾਂ ਸ਼ਹਿਰ ਵਿੱਚ ਪਹੁੰਚ ਕੇ ਸੈਕਟਰ-17 ਸਥਿਤ ਇੰਟੈਲੀਜੈਂਟ ਕਮਾਂਡ ਕੰਟਰੋਲ ਸੈਂਟਰ ਦੇ ਕੰਮਕਾਜ ਬਾਰੇ ਜਾਣਕਾਰੀ ਲਈ ਅਤੇ ਇਸ ਦਾ ਉਦਘਾਟਨ ਵੀ ਕੀਤਾ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਇਮਾਰਤ ਦਾ ਉਦਘਾਟਨ ਕੀਤਾ।
ਜਿਸ ਤੋਂ ਬਾਅਦ ਉਹ ਸੈਕਟਰ 17 ਸਪੋਰਟਸ ਕੰਪਲੈਕਸ ਪਹੁੰਚੇ। ਉਨ੍ਹਾਂ ਦੇ ਨਾਲ ਕਈ ਹੋਰ ਮੰਤਰੀ ਅਤੇ ਭਾਜਪਾ ਨੇਤਾ ਵੀ ਮੰਚ 'ਤੇ ਮੌਜੂਦ ਸਨ। ਸਟੇਜ 'ਤੇ ਆਪਣੇ ਭਾਸ਼ਣ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਉਹ ਲੰਬੇ ਸਮੇਂ ਬਾਅਦ ਸਿਟੀ ਬਿਊਟੀਫੁੱਲ 'ਚ ਆਏ ਹਨ। ਇੱਥੇ ਆ ਕੇ ਚੰਗਾ ਲੱਗਿਆ। ਉਨ੍ਹਾਂ ਨਗਰ ਨਿਗਮ ਵਿਚ ਇੱਕ ਵਾਰ ਫਿਰ ਭਾਜਪਾ ਨੂੰ ਜਿਤਾਉਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਸ਼ੁਰੂ ਕੀਤੇ ਗਏ ਇਨ੍ਹਾਂ ਨਵੇਂ ਪ੍ਰਾਜੈਕਟਾਂ ਵਿਚ ਕਈ ਜਨਤਕ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਏਕੀਕ੍ਰਿਤ ਕੰਟਰੋਲ ਅਤੇ ਕਮਾਂਡ ਸੈਂਟਰ ਵਿਚ ਕਈ ਨਾਗਰਿਕ ਸਹੂਲਤਾਂ ਦਾ ਕੰਮ ਹੋਵੇਗਾ। ਇਸ ਕੇਂਦਰ ਤੋਂ ਕੈਮਰਿਆਂ ਰਾਹੀਂ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਘੱਟ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਦੇ ਪ੍ਰਸ਼ਾਸਕ ਬੀ.ਐੱਲ. ਪੁਰੋਹਿਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਵੀ ਇਹ ਕੇਂਦਰ ਦਿਖਾਇਆ ਜਾਵੇ। ਨੌਜਵਾਨ ਪੀੜ੍ਹੀ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਕਿਹਾ ਕਿ ਦੇਸੀ ਕੋਰੋਨਾ ਵੈਕਸੀਨ ਦੇ ਨਿਰਮਾਣ ਨਾਲ ਦੁਨੀਆ ਹੈਰਾਨ ਹੈ।
ਇਸ ਟੀਕੇ ਨੇ ਦੇਸ਼ ਵਿਚ ਜਾਨਾਂ ਬਚਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਰੀਬ ਲੋਕਾਂ ਨੂੰ ਅਨਾਜ ਅਤੇ ਰਿਹਾਇਸ਼ੀ ਸਹੂਲਤਾਂ ਦੇਣ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸ਼ਹਿਰੀ ਅਤੇ ਪੇਂਡੂ ਵਿਕਾਸ ਲਈ ਕਈ ਪ੍ਰੋਜੈਕਟ ਚਲਾ ਰਹੀ ਹੈ। ਉਨ੍ਹਾਂ ਚੰਡੀਗੜ੍ਹ ਵਿਚ 40 ਇਲੈਕਟ੍ਰਿਕ ਬੱਸਾਂ ਲਿਆਉਣ ਸਮੇਤ ਚੰਡੀਗੜ੍ਹ ਵਿਚ ਹਰਿਆਲੀ ਅਤੇ ਸਾਫ਼-ਸਫ਼ਾਈ ਵਧਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਵਿਕਾਸ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਅਮਿਤ ਸ਼ਾਹ ਵੱਲੋਂ ਅੱਜ ਸੈਕਟਰ 17 ਵਿਚ ਨਵੇਂ ਬਣੇ ਅਰਬਨ ਪਾਰਕ,ਸੈਕਟਰ 17 ਵਿਚ 274 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੰਟੈਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦੇ ਉਦਘਾਟਨ ਸਮੇਤ ਕਈ ਪ੍ਰਾਜੈਕਟ ਸ਼ੁਰੂ ਕੀਤੇ ਜਾਣੇ ਹਨ। ਆਈ.ਸੀ.ਸੀ.ਸੀ ਤੋਂ ਇਲਾਵਾ ਅਮਿਤ ਸ਼ਾਹ ਵੱਲੋਂ 336 ਪੁਲਿਸ ਘਰਾਂ ਦੇ 70 ਕਰੋੜ ਰੁਪਏ ਦੇ ਪ੍ਰੋਜੈਕਟ, 60 ਕਰੋੜ ਰੁਪਏ ਦੇ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਇਮਾਰਤ, ਪਿੰਡਾਂ ਨੂੰ ਨਹਿਰੀ ਪਾਣੀ ਦੇਣ ਲਈ 17 ਕਰੋੜ ਰੁਪਏ ਦਾ ਪ੍ਰੋਜੈਕਟ, ਸੈਕਟਰ-50 ਵਿਚ ਕਾਮਰਸ ਕਾਲਜ ਦੇ 15 ਕਰੋੜ ਰੁਪਏ ਦੇ ਹੋਸਟਲ ਦੇ ਬਲਾਕ ਦਾ ਉਦਘਾਟਨ ਕੀਤਾ ਗਿਆ। 20 ਕਰੋੜ ਦੀ ਲਾਗਤ ਨਾਲ ਦੋ ਸਰਕਾਰੀ ਕਾਲਜ, ਸੈਕਟਰ 17 ਵਿਚ 10 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਰਬਨ ਪਾਰਕ ਦਾ ਉਦਘਾਟਨ, ਸੈਕਟਰ 40 ਵਿਚ 246 ਪੁਲਿਸ ਘਰਾਂ ਦੇ ਨੀਂਹ ਪੱਥਰ ਦਾ ਉਦਘਾਟਨ ਵੀ ਸ਼ਾਮਲ ਹੈ।
ਉਨ੍ਹਾਂ ਦੇ ਮੁੱਖ ਪ੍ਰੋਗਰਾਮ ਵਿਚ ਦੁਪਹਿਰ 3.30 ਵਜੇ ਸੈਕਟਰ 17 ਅਰਬਨ ਪਾਰਕ ਅਤੇ ਧਨਾਸ ਸਥਿਤ ਚੰਡੀਗੜ੍ਹ ਪੁਲਿਸ ਕੰਪਲੈਕਸ ਦਾ ਦੌਰਾ ਵੀ ਸ਼ਾਮਲ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਸੀਮਤ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੰਡੀਗੜ੍ਹ ਪੁਲਿਸ ਸਮੇਤ ਫਾਇਰ ਬ੍ਰਿਗੇਡ ਨੇ ਵੀ ਰਿਹਰਸਲ ਕੀਤੀ ਸੀ।