
ਸ੍ਰੀ ਅਕਾਲ ਤਖਤ ਸਾਹਿਬ 'ਤੇ ਪਹੁੰਚ ਕੇ ਸੌਂਪਿਆ ਮਾਫੀਨਾਮਾ
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਸ਼ਨੀਵਾਰ ਰਾਤ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਉਹਨਾਂ ਨੇ ਆਪਣੀ ਗਲਤੀ ਲਈ ਲਿਖਤੀ ਮੁਆਫ਼ੀ ਮੰਗੀ ਅਤੇ ਆਪਣੇ ਆਪ ਨੂੰ ਗੁਰੂ ਦਾ ਨਿਮਾਣਾ ਸਿੱਖ ਵੀ ਕਿਹਾ। ਉਨ੍ਹਾਂ ਨੇ ਸਪੀਕਰ ਦੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ ਲਈ ਗੁਰੂਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ।
ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਬਣਨ ਤੋਂ ਬਾਅਦ ਪਹਿਲੀ ਵਾਰ ਹਰਿਮੰਦਰ ਸਾਹਿਬ ਨਤਮਸਤਕ ਹੋਏ ਪਰ ਇਸ ਦੌਰਾਨ ਉਨ੍ਹਾਂ ਨੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਲੈਣ ਦੇ ਨਾਲ-ਨਾਲ ਆਪਣੀ ਗਲਤੀ ਦੀ ਮੁਆਫ਼ੀ ਵੀ ਮੰਗੀ। ਜ਼ਿਕਰਯੋਗ ਯੋਗ ਹੈ ਕਿ ਕੁਲਤਾਰ ਸਿੰਘ ਪਿਛਲੇ ਦਿਨੀਂ ਬਠਿੰਡਾ ਦੀ ਗਊਸ਼ਾਲਾ ਵਿਚ ਸਪੀਕਰ ਐਲਾਨੇ ਜਾਣ ’ਤੋਂ ਬਾਅਦ ਪੁੱਜੇ ਸਨ।
ਇੱਥੇ ਉਨ੍ਹਾਂ ਨੇ ਪਹਿਲਾਂ ਗਊ ਪੂਜਾ ਕੀਤੀ ਅਤੇ ਫਿਰ ਉੱਤੇ ਮੌਜੂਦ ਪੰਡਤ ਨੇ ਸੰਧਵਾਂ ਦੀ ਦਸਤਾਰ (ਪੱਗ)ਨਾਲ ਗਊ ਦੀ ਪੂਛ ਛੁਹਾ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਜਿਸ ਤੋਂ ਬਾਅਦ ਸਿੱਖ ਸੰਗਤ ਵਿਚ ਰੋਸ ਹੈ ਤੇ ਇਸ ਨੂੰ ਲੈ ਕੇ ਵਿਵਾਦ ਭਖਿਆ ਹੋਇਆ ਹੈ। ਇਸ ਤੋਂ ਬਾਅਦ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋ ਕੇ ਮੁਆਫ਼ੀ ਵੀ ਮੰਗੀ ਤੇ ਅਕਾਲ ਤਖ਼ਤ ਸਾਹਿ ਦੇ ਜਥੇਦਾਰ ਨੂੰ ਮਾਫ਼ੀਨਾਮਾ ਵੀ ਸੌਪਿਆ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਗੁਰੂਆਂ ਨੇ ਉਨ੍ਹਾਂ 'ਤੇ ਬਖਸ਼ਿਸ਼ਾਂ ਕੀਤੀਆਂ ਹਨ ਤਾਂ ਹੀ ਉਹ ਇੰਨੇ ਉੱਚੇ ਅਹੁਦੇ 'ਤੇ ਪਹੁੰਚ ਸਕੇ ਹਨ ਪਰ ਗੁਰੂ ਦੇ ਦਾਸ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਤੇ ਗੁਰੂ ਮੁਆਫ਼ ਕਰਨ ਵਾਲਾ ਹੈ। ਗਲਤੀਆਂ ਜਾਣੇ-ਅਣਜਾਣੇ ਵਿਚ ਹੁੰਦੀਆਂ ਹਨ, ਉਹ ਗਲਤੀਆਂ ਦਾ ਪੁਤਲਾ ਹੈ ਇਸ ਲਈ ਅਪਣੀ ਇਸ ਗਲਤੀ ਲਈ ਮੈਂ ਮੁਆਫ਼ੀ ਮੰਗਦਾ ਹੈ ਗੁਰੂ ਬਖਸ਼ਣਹਾਰ ਹੈ।