
ਟਰੇਡ ਯੂਨੀਅਨਾਂ ਵਲੋਂ ਕੇਂਦਰ ਦੀਆਂ ਨੀਤੀਆਂ ਵਿਰੁਧ ਦੋ ਦਿਨ ਦੇ ਭਾਰਤ ਬੰਦ ਦਾ ਐਲਾਨ
ਨਵੀਂ ਦਿੱਲੀ, 27 ਮਾਰਚ : ਟਰੇਡ ਯੂਨੀਅਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁਧ ਦੋ ਦਿਨਾਂ ਲਈ ਭਾਰਤ ਬੰਦ ਦਾ ਐਲਾਨ ਕੀਤਾ ਹੈ। ਬੈਂਕ ਯੂਨੀਅਨਾਂ ਨੇ ਇਸ ਭਾਰਤ ਬੰਦ ਅਤੇ ਹੜਤਾਲ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਨਤਕ ਖੇਤਰ ਦੇ ਬੈਂਕਾਂ ਦੇ ਨਿਜੀਕਰਨ ਅਤੇ ਬੈਂਕਿੰਗ ਲਾਅ ਐਕਟ 2021 ਦਾ ਵਿਰੋਧ ਕਰਨਗੇ। ਸਟੇਟ ਬੈਂਕ ਨੇ ਗਾਹਕਾਂ ਨੂੰ ਸੂਚਤ ਕੀਤਾ ਹੈ ਕਿ ਬੈਂਕਿੰਗ ਸੇਵਾਵਾਂ 28 ਤੋਂ 29 ਮਾਰਚ ਤਕ ਪ੍ਰਭਾਵਤ ਰਹਿਣਗੀਆਂ।
ਸੈਂਟਰਲ ਟਰੇਡ ਯੂਨੀਅਨਾਂ ਦੇ ਜੁਆਇੰਟ ਫੋਰਮ ਨੇ ਸਰਕਾਰ ਦੀਆਂ ਨੀਤੀਆਂ ਨੂੰ ਕਰਮਚਾਰੀ ਵਿਰੋਧੀ ਕਰਾਰ ਦਿੰਦੇ ਹੋਏ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿਤਾ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਇਸ ਹੜਤਾਲ ਦਾ ਸਮਰਥਨ ਕੀਤਾ ਹੈ। ਇਨ੍ਹਾਂ ਮੁਲਾਜ਼ਮ ਯੂਨੀਅਨਾਂ ਦੀ 22 ਮਾਰਚ ਨੂੰ ਮੀਟਿੰਗ ਹੋਈ ਸੀ। ਸਾਰੇ ਸੂਬਿਆਂ ਵਿਚ ਅਪਣੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਦੋ ਦਿਨਾਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ।
ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਇਹ ਹੜਤਾਲ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ, ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਵਿਰੁਧ ਕਰ ਰਹੇ ਹਨ। ਬੈਂਕ ਯੂਨੀਅਨਾਂ ਜਨਤਕ ਖੇਤਰ ਦੇ ਬੈਂਕਾਂ ਦੇ ਨਿਜੀਕਰਨ ਵਿਰੁਧ ਅਪਣਾ ਰੋਸ ਪ੍ਰਗਟਾਉਣਗੀਆਂ। ਸਰਕਾਰ ਨੇ 2021 ਦੇ ਬਜਟ ਵਿਚ ਜਨਤਕ ਖੇਤਰ ਦੇ ਦੋ ਹੋਰ ਬੈਂਕਾਂ ਦੇ ਨਿਜੀਕਰਨ ਦਾ ਐਲਾਨ ਕੀਤਾ ਸੀ।
ਬੈਂਕ ਵਿਚ ਕਈ ਅਜਿਹੇ ਮੁਲਾਜ਼ਮ ਹਨ, ਜੋ ਸੇਵਾਮੁਕਤ ਹੋਣ ਵਾਲੇ ਹਨ, ਜੇਕਰ ਉਹ ਹੜਤਾਲ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਸੇਵਾ ਸਹੂਲਤਾਂ ’ਤੇ ਕੋਈ ਅਸਰ ਨਹੀਂ ਪਵੇਗਾ। ਕੋਲਾ, ਸਟੀਲ, ਤੇਲ, ਦੂਰਸੰਚਾਰ, ਡਾਕ ਵਿਭਾਗ ਅਤੇ ਬੀਮਾ ਨਾਲ ਸਬੰਧਤ ਕਰਮਚਾਰੀਆਂ ਦੇ ਵੀ ਇਸ ਹੜਤਾਲ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਹੜਤਾਲ ਨੂੰ ਸਫ਼ਲ ਬਣਾਉਣ ਲਈ ਰੇਲਵੇ ਅਤੇ ਰਖਿਆ ਵਿਭਾਗ ਨਾਲ ਸਬੰਧਤ ਮੁਲਾਜ਼ਮ ਜਥੇਬੰਦੀਆਂ ਵੱਡੇ ਪੱਧਰ ’ਤੇ ਮੁਹਿੰਮ ਵਿਚ ਜੁਟੀਆਂ ਹੋਈਆਂ ਹਨ। (ਪੀਟੀਆਈ)