
ਐਤਵਾਰ ਨੂੰ 5 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਨ੍ਹਾਂ 'ਚ ਸਾਰੀਆਂ ਮਹਿਲਾ ਮਰੀਜ਼ ਹਨ।
ਚੰਡੀਗੜ੍ਹ: ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਫੈਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ ਵਿਚ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਬਚਣ ਲਈ ਕਿਹਾ ਗਿਆ ਹੈ ਅਤੇ ਫੇਸ ਮਾਸਕ ਲਗਾਉਣ ਦੀ ਵੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਚੰਡੀਗੜ੍ਹ ਵਿਚ ਕੁੱਝ ਹਫ਼ਤਿਆਂ ਤੋਂ ਲਗਾਤਾਰ ਕੋਵਿਡ ਦੇ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਨੂੰ 5 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਨ੍ਹਾਂ 'ਚ ਸਾਰੀਆਂ ਮਹਿਲਾ ਮਰੀਜ਼ ਹਨ।
ਸੈਕਟਰ-11, 38 ਅਤੇ ਪਲਸੋਰਾ ਤੋਂ ਇਕ-ਇਕ, ਜਦੋਂਕਿ ਸੈਕਟਰ-56 ਤੋਂ 2 ਮਰੀਜ਼ਾਂ ਦੀ ਪੁਸ਼ਟੀ ਹੋਈ, ਉੱਥੇ ਹੀ ਇਕ ਮਰੀਜ਼ ਦੀ ਮੌਤ ਦੀ ਵੀ ਪੁਸ਼ਟੀ ਹੋਈ ਹੈ। ਸੈਕਟਰ-14 ਦੇ ਰਹਿਣ ਵਾਲੇ 88 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ। ਉਸ ਨੂੰ ਕਾਰਨਰੀ ਆਰਟਰੀ ਦੀ ਪਰੇਸ਼ਾਨੀ ਸੀ। ਇਸ ਦੇ ਨਾਲ ਹੀ ਸਾਹ ਲੈਣ 'ਚ ਵੀ ਮੁਸ਼ਕਿਲ ਸੀ।
ਮਰੀਜ਼ ਨੇ ਕੋਵਿਡ ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲਈਆਂ ਹੋਈਆਂ ਸਨ। ਨਵੇਂ ਮਰੀਜ਼ਾਂ ਦੇ ਨਾਲ ਹੀ 3 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋਏ ਹਨ। ਇਸ ਦੇ ਨਾਲ ਹੀ ਸਰਗਰਮ ਮਰੀਜ਼ਾਂ ਦੀ ਗਿਣਤੀ ਹੁਣ 32 ਹੋ ਗਈ ਹੈ। ਐਤਵਾਰ ਸ਼ਹਿਰ 'ਚ ਕੋਵਿਡ ਪਾਜ਼ੇਟਿਵਿਟੀ ਦਰ 1.52 ਫ਼ੀ ਸਦੀ ਦਰਜ ਹੋਈ। ਸਰਗਰਮ ਮਰੀਜ਼ਾਂ ਵਿਚੋਂ 3 ਪੀ. ਜੀ. ਆਈ. ਵਿਚ ਦਾਖ਼ਲ ਹਨ ਅਤੇ ਬਾਕੀ ਸਾਰੇ ਹੋਮ ਆਈਸੋਲੇਸ਼ਨ 'ਚ ਹਨ।