
ਸਾਫ਼-ਸਫਾਈ ਦੇ ਮਾਪਦੰਡਾਂ ਨੂੰ ਦੇਖਦੇ ਹੋਏ ਫੂਡ ਸੇਫ਼ਟੀ ਐਕਟ ਅਧੀਨ ਕੀਤੇ 3 ਚਲਾਨ
Faridkot News: ਨਗੇਸ਼ਵਰ ਰਾਓ ਆਈ.ਪੀ.ਐਸ. ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਅਤੇ ਮਨਜੀਤ ਸਿੰਘ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ, ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੇਵਲ ਕ੍ਰਿਸ਼ਨ ਉੱਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਫ਼ਰੀਦਕੋਟ ਦੀ ਟੀਮ ਵੱਲੋਂ ਹਰਵਿੰਦਰ ਸਿੰਘ ਫੂਡ ਸੇਫ਼ਟੀ ਅਫ਼ਸਰ, ਦਫ਼ਤਰ ਸਿਵਲ ਸਰਜਨ, ਫ਼ਰੀਦਕੋਟ ਨੂੰ ਹਮਰਾਹ ਲੈ ਕੇ ਗੇਰਾ ਫੂਡ ਪ੍ਰੋਡਕਟਸ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਫ਼ੈਕਟਰੀ ਦੇ ਮਾਲਕ ਦੀ ਹਾਜ਼ਰੀ ਵਿੱਚ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਫ਼ੈਕਟਰੀ ਵਿਖੇ ਸਾਫ਼-ਸਫ਼ਾਈ ਦੇ ਮਾਪਦੰਡਾਂ ਨੂੰ ਦੇਖਦੇ ਹੋਏ ਫੂਡ ਸੇਫ਼ਟੀ ਅਫ਼ਸਰ ਫ਼ਰੀਦਕੋਟ ਵੱਲੋਂ ਫੂਡ ਸੇਫ਼ਟੀ ਐਕਟ ਅਧੀਨ 03 ਚਲਾਨ ਕੀਤੇ ਗਏ ਅਤੇ ਫ਼ੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਅਚਾਰ ਅਤੇ ਮੁਰੱਬੇ ਦੇ 04 ਸੈਂਪਲ ਭਰੇ ਗਏ।
ਹਰਵਿੰਦਰ ਸਿੰਘ ਫੂਡ ਸੇਫ਼ਟੀ ਅਫ਼ਸਰ ਨੇ ਦੱਸਿਆ ਕਿ ਇਹਨਾਂ ਸੈਂਪਲਾਂ ਨੂੰ ਨਿਰੀਖਣ ਲਈ ਫੂਡ ਐਂਡ ਡਰੱਗਜ ਲੈਬ ਖਰੜ ਵਿਖੇ ਜਮ੍ਹਾਂ ਕਰਵਾਇਆ ਜਾਵੇਗਾ। ਨਿਰੀਖਕ ਰਿਪੋਰਟ ਆਉਣ ’ਤੇ ਜੇਕਰ ਕਿਸੇ ਪ੍ਰਕਾਰ ਦੀ ਮਿਲਾਵਟ ਜਾਂ ਕਮੀ ਪਾਈ ਗਈ ਤਾਂ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।