
ਪੰਜਾਬ ਸਰਕਾਰ ਨੇ ਅੱਜ ਕੋਵਿਡ -19 ਦੇ ਮੱਦੇਨਜ਼ਰ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ ਅਡਵਾਇਜ਼ਰੀ ਜਾਰੀ ਕੀਤੀ ਹੈ।
ਚੰਡੀਗੜ੍ਹ, 26 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਅੱਜ ਕੋਵਿਡ -19 ਦੇ ਮੱਦੇਨਜ਼ਰ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ ਅਡਵਾਇਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਫੈਲਾਅ/ਪ੍ਰਸਾਰ ਨੂੰ ਕਾਬੂ ਕਰਨ ਲਈ ਲੋਕ ਹਿੱਤ ਵਿੱਚ ਸਾਰੇ 22 ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਕੇ ਲੋਕਾਂ ਦੀਆਂ ਗਤੀਵਿਧੀਆਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।
ਭਾਵੇਂ ਸਰਕਾਰ ਨੇ ਮਨਰੇਗਾ ਅਧੀਨ ਕੰਮ ਕਰਨ ਵਾਲੇ ਕਾਮਿਆਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਜ਼ਰੂਰੀ ਗਤੀਵਿਧੀਆਂ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। ਫਿਰ ਵੀ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਰੇਗਾ ਅਧੀਨ ਸੁਪਰਵਾਈਜ਼ਰੀ ਸਰਪੰਚ/ਜੀ.ਆਰ.ਐੱਸ./ਕਾਮਿਆਂ ਦੇ ਨਾਲ ਨਾਲ ਕੰਮ ਸ਼ੁਰੂ ਕਰਨ ਵਾਲੇ ਖੇਤਰਾਂ ਵਿੱਚ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਸੁਪਰਵਾਈਜ਼ਰ ਇੱਕ ਵਿਆਪਕ ਕਾਰਜ ਯੋਜਨਾ ਇਸ ਢੰਗ ਨਾਲ ਵਿਕਸਤ ਕਰ ਸਕਦਾ ਹੈ ਕਿ ਉਹ ਕੰਮ ਵਾਲੀ ਥਾਂ 'ਤੇ ਰਿਪੋਰਟ ਕਰਨ ਦੇ ਸਮੇਂ ਤੇ ਮਨਰੇਗਾ ਕਰਮਚਾਰੀਆਂ ਨੂੰ ਕੰਮ ਦੌਰਾਨ ਆਰਾਮ ਦੇਣ ਦੇ ਸਮੇਂ ਵਿੱਚ ਕੁੱਝ ਫਾਸਲਾ ਰੱਖੇ ਜਿਸ ਨਾਲ ਕੰਮ ਵੀ ਸਮੇਂ ਸਿਰ ਮੁਕੰਮਲ ਹੋ ਜਾਵੇ ਤੇ ਕੰਮ ਵਿੱਚ ਕੋਈ ਰੁਕਾਵਟ ਵੀ ਨਾ ਆਵੇ।
ਇਸੇ ਤਰ੍ਹਾਂ, ਕਾਰਜ ਖੇਤਰ ਨੂੰ ਕਾਰਜ ਵਾਲੀ ਥਾਂ 'ਤੇ ਇਸ ਤਰ੍ਹਾਂ ਨਿਰਧਾਰਤ ਕੀਤਾ ਜਾਵੇਗਾ ਕਿ ਮਨਰੇਗਾ ਕਰਮਚਾਰੀਆਂ ਦਰਮਿਆਨ ਘੱਟੋ-ਘੱਟ 1 ਮੀਟਰ ਦੀ ਸਮਾਜਿਕ ਦੂਰੀ ਦੇ ਨਿਯਮ ਨੂੰ ਕਾਇਮ ਰੱਖਿਆ ਜਾ ਸਕੇ। ਬੁਲਾਰੇ ਨੇ ਅੱਗੇ ਕਿਹਾ ਕਿ ਬੁਖਾਰ ਜਾਂ ਹੋਰ ਲੱਛਣ ਜਿਵੇਂ ਖੰਘ/ਸਾਹ ਲੈਣ ਵਿੱਚ ਤਕਲੀਫ਼ ਮਹਿਸੂਸ ਕਰਨ ਵਾਲੇ ਮਨਰੇਗਾ ਕਰਮਚਾਰੀਆਂ ਨੂੰ ਘਰ ਵਿੱਚ ਹੀ ਰਹਿਣ ਅਤੇ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਜਾਵੇਗਾ। ਮਨਰੇਗਾ ਵਰਕਰਾਂ ਨੂੰ ਸਲਾਹ ਦਿੱਤੀ ਜਾਏਗੀ ਕਿ ਉਹ ਕਿਸੇ ਨਾਲ ਹੱਥ ਨਾ ਮਿਲਾਉਣ ਜਾਂ ਕਿਸੇ ਨੂੰ ਗਲੇ ਨਾ ਲਗਾਉਣ। ਮਨਰੇਗਾ ਸਟਾਫ਼ ਨੂੰ ਬਿਨਾਂ ਕੰਮ ਤੋਂ ਨਾ ਘੁੰਮਣ ਅਤੇ ਉਨ੍ਹਾਂ ਦੇ ਨਿਰਧਾਰਤ ਖੇਤਰ/ਸਾਈਟ ਤੋਂ ਹੀ ਕੰਮ ਕਰਨ ਦੀ ਸਲਾਹ ਦਿੱਤੀ ਜਾਵੇ।