
ਪੁਲਿਸ ਥਾਣਾ ਮਖੂ ਵਿਚ ਪੈਂਦੇ ਵਾਰਡ ਨੰ: 2 ਦੇ ਪਿੰਡ ਪੁਰਾਣਾ ਮਖੂ ਵਿਖੇ 4 ਕਨਾਲਾਂ ਜ਼ਮੀਨ ਵਿਚੋਂ ਵੱਢੀ ਗਈ ਕਣਕ 'ਚੋਂ ਬਣਦਾ ਹਿੱਸਾ ਮੰਗਣ ਨੂੰ ਲੈ ਕੇ ਹੋਈ ਪਰਵਾਰਕ
ਫ਼ਿਰੋਜ਼ਪੁਰ, 26 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ): ਪੁਲਿਸ ਥਾਣਾ ਮਖੂ ਵਿਚ ਪੈਂਦੇ ਵਾਰਡ ਨੰ: 2 ਦੇ ਪਿੰਡ ਪੁਰਾਣਾ ਮਖੂ ਵਿਖੇ 4 ਕਨਾਲਾਂ ਜ਼ਮੀਨ ਵਿਚੋਂ ਵੱਢੀ ਗਈ ਕਣਕ 'ਚੋਂ ਬਣਦਾ ਹਿੱਸਾ ਮੰਗਣ ਨੂੰ ਲੈ ਕੇ ਹੋਈ ਪਰਵਾਰਕ ਲੜਾਈ ਵਿਚ ਦੋ ਸਕੇ ਭਰਾਵਾਂ ਨੇ ਪਿਉ ਨਾਲ ਰਲਕੇ ਅਪਣਾ ਹੀ ਭਰਾ ਮਾਰ ਦਿਤਾ। ਮੌਕੇ 'ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੇਮ ਸਿੰਘ ਨੂੰ ਵਿਆਹ ਤੋਂ ਕੁੱਝ ਸਮੇਂ ਬਾਅਦ ਘਰ ਵਿਚੋਂ ਹਿੱਸਾ ਦੇ ਕੇ ਵੱਖ ਕਰ ਦਿਤਾ ਗਿਆ। ਪ੍ਰੇਮ ਸਿੰਘ ਪਿਉ ਦੇ ਨਾਂ ਵਾਲੀ ਚਾਰ ਕਨਾਲ ਜ਼ਮੀਨ ਵਿਚੋਂ ਮਸ਼ੀਨ ਨਾਲ ਵੱਢੀ ਜਾ ਰਹੀ ਕਣਕ 'ਚੋਂ ਖੇਤ ਵਿਚ ਜਾ ਕੇ ਹਿੱਸਾ ਮੰਗਣ ਗਿਆ ਸੀ।
ਮ੍ਰਿਤਕ ਦੀ ਪਤਨੀ ਦਰਸ਼ਨ ਕੌਰ ਨੇ ਵਾਰਦਾਤ ਬਾਬਤ ਦਸਦਿਆਂ ਕਿਹਾ ਕਿ ਹਿੱਸਾ ਮੰਗਣ ਲਈ ਆਪਸ 'ਚ ਖਹਿਬੜਦਿਆਂ ਪ੍ਰੇਮ ਸਿੰਘ ਨੂੰ ਉਸ ਦੇ ਸਹੁਰੇ ਸ਼ਿੰਦਾ ਸਿੰਘ, ਜੇਠ ਰੇਸ਼ਮ ਸਿੰਘ ਅਤੇ ਦਿਓਰ ਤਰਸੇਮ ਸਿੰਘ ਨੇ ਕਿਰਪਾਨ, ਗੰਡਾਸੇ ਅਤੇ ਡਾਂਗਾਂ ਨਾਲ ਕੁੱਟਮਾਰ ਕਰਦਿਆਂ ਬੁਰੀ ਤਰ੍ਹਾਂ ਵੱਢ ਟੁੱਕ ਕੀਤੀ। ਸਾਡੇ ਵਲੋਂ ਮਾਰਤਾ-ਮਾਰਤਾ ਦਾ ਰੌਲਾ ਪਾਏ ਜਾਣ 'ਤੇ ਹਮਲਾਵਰ ਫ਼ਰਾਰ ਹੋ ਗਏ। ਨਾਜ਼ੁਕ ਹਾਲਤ 'ਚ ਜ਼ਖ਼ਮੀ ਪਏ ਪ੍ਰੇਮ ਸਿੰਘ ਨੂੰ ਉਸ ਦੇ ਚਾਚੇ ਦੇ ਪੁੱਤ ਭਰਾ ਸੁੱਖਾ ਸਿੰਘ ਅਤੇ ਹਰਜੀਤ ਸਿੰਘ ਨੇ ਮੋਟਰਸਾਈਕਲ ਰਾਹੀਂ ਮਖੂ ਹਸਪਤਾਲ ਲਿਆਂਦਾ ਜਿੱਥੋਂ ਡਾਕਟਰਾਂ ਨੇ ਨਾਜ਼ੁਕ ਹਾਲਤ ਦੇਖਦਿਆਂ ਐਂਬੂਲੈਂਸ ਰਾਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਈ ਰੈਫ਼ਰ ਕਰ ਦਿਤਾ।
File photo
ਰਸਤੇ ਵਿਚ ਹਾਲਤ ਜ਼ਿਆਦਾ ਖ਼ਰਾਬ ਹੋਣ 'ਤੇ ਉਹ ਪ੍ਰੇਮ ਸਿੰਘ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਵਾਰਦਾਤ ਵਾਲੀ ਥਾਂ ਦਾ ਮੁਆਇਨਾ ਕਰਨ ਪਹੁੰਚੇ ਡੀ.ਐੱਸ. ਪੀ. ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਇੰਸਪੈਕਟਰ ਬਚਨ ਸਿੰਘ ਨੇ ਦਸਿਆ ਕਿ ਧਾਰਾ 302/34 ਆਈ.ਪੀ.ਸੀ. ਤਹਿਤ ਮੁਕੱਦਮਾ ਨੰ: 44 ਦਰਜ ਕਰ ਕੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜਦਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।
ਪਰਵਾਰ ਨੇ ਦਸਿਆ ਕਿ ਤਿੰਨ ਧੀਆਂ ਦਾ ਬਾਪ ਪ੍ਰੇਮ ਸਿੰਘ ਦਿਹਾੜੀ ਮਜ਼ਦੂਰੀ ਕਰ ਕੇ ਬੱਚੇ ਪਾਲ ਰਿਹਾ ਸੀ। ਲਾਕਡਾਊਨ ਕਰ ਕੇ ਦਿਹਾੜੀ ਮਿਲਣੀ ਵੀ ਮੁਸ਼ਕਲ ਹੋ ਗਈ ਸੀ। ਪਿਉ ਅਤੇ ਭਰਾਵਾਂ ਵਲੋਂ ਖੇਤ 'ਚੋਂ ਵੱਢੀ ਗਈ ਕਣਕ ਦੀਆਂ ਭਰੀਆਂ ਜਾ ਰਹੀਆਂ ਬੋਰੀਆਂ ਦੇਖ਼ ਕੇ ਹਿੱਸਾ ਮੰਗਣ ਗਿਆ ਹੀ ਉਹ ਮੌਤ ਦਾ ਗ੍ਰਾਸ ਬਣ ਗਿਆ।