
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ ਪਿਛਲੇ ਸਾਲ ਦਾ ਹੈ ਅਤੇ ਮਰੀਜ ਦੀ ਕਿਡਨੀਆਂ ਨਹੀਂ ਕੱਢੀ ਗਈਆਂ ਸਨ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਪ੍ਰਕੋਪ ਜ਼ੋਰਾਂ 'ਤੇ ਹੈ ਅਤੇ ਕੁਝ ਲੋਕ ਅਜੇ ਵੀ ਕੋਰੋਨਾ ਦੇ ਨਾਂ ਤੋਂ ਫਰਜ਼ੀ ਖਬਰਾਂ ਫੈਲਾ ਰਹੇ ਹਨ। ਇਸੇ ਲੜੀ ਵਿਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਕੁਝ ਲੋਕ ਸਟ੍ਰੈਚਰ 'ਤੇ ਇੱਕ ਵਿਅਕਤੀ ਦੀ ਲਾਸ਼ ਨੂੰ ਬਾਹਰ ਲੈ ਕੇ ਆਉਂਦੇ ਹਨ। ਵੀਡੀਓ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਦੇ ਨਾਂ ਤੋਂ ਮਰੀਜ਼ ਨੂੰ ਮਾਰ ਕੇ ਉਸ ਦੀਆਂ ਕਿਡਨੀਆਂ ਕੱਢੀਆਂ ਗਈਆਂ ਹਨ। ਵੀਡੀਓ ਵਿਚ ਵਿਜੇ ਹਸਪਤਾਲ ਲਿਖਿਆ ਵੀ ਵੇਖਿਆ ਜਾ ਸਕਦਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ ਪਿਛਲੇ ਸਾਲ ਦਾ ਹੈ ਅਤੇ ਮਰੀਜ ਦੀ ਕਿਡਨੀਆਂ ਨਹੀਂ ਕੱਢੀ ਗਈਆਂ ਸਨ।
ਵਾਇਰਲ ਪੋਸਟ
ਫੇਸਬੁੱਕ ਪੇਜ Agg bani ਨੇ ਵਾਇਰਲ ਵੀਡੀਓ ਨੂੰ ਅਪਲੋਡ ਕਰਦਿਆਂ ਕੈਪਸ਼ਨ ਲਿਖਿਆ, "ਕਰੋਨਾ ਦੇ ਨਾਮ ਤੇ ਇਕ ਵਾਰ ਫਿਰ ਤੋਂ ਲੋਕਾ ਦੇ ਅੰਗ ਕੱਡ ਰਹੇ ਨੇ ਇਹ ਪੋਸਟ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਘਰ-ਦਿਆਂ ਦਾ ਖਿਆਲ ਰੱਖੋ ਜੋ ਹਸਪਤਾਲ ਨੇ ਉਹ ਜ਼ਰੂਰ ਧਿਆਨ ਦੇਣ"
ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਵਿਚ ਵਿਜੈ ਹਸਪਤਾਲ ਲਿਖਿਆ ਨਜ਼ਰ ਆਉਂਦਾ ਹੈ। ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ ਅਤੇ ਇਹ ਵੀਡੀਓ ਕਈ ਪੁਰਾਣੇ ਫੇਸਬੁੱਕ ਪੋਸਟਾਂ 'ਤੇ ਅਪਲੋਡ ਮਿਲਿਆ। ਦੈਨਿਕ ਭਾਸਕਰ ਨੇ ਸਿਤੰਬਰ 2020 ਚ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਲਿਖਿਆ, "परिजनों ने किया हंगमा:युवक की मौत पर विजय अस्पताल में हंगामा, किडनी निकालने का आरोप"
ਖ਼ਬਰ ਅਨੁਸਾਰ ਮਾਮਲਾ ਵਿਜੈ ਹਸਪਤਾਲ ਭਰਤਪੁਰ ਦਾ ਹੈ ਜਿਥੇ ਇੱਕ ਐਕਸੀਡੈਂਟ ਵਿਚ ਜਖ਼ਮੀ ਹੋਏ ਮਰੀਜ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਜਦੋਂ ਪਰਿਵਾਰ ਵਲੋਂ ਮ੍ਰਿਤਕ ਦੀ ਲਾਸ਼ ਬਾਹਰ ਲਿਆਂਦੀ ਗਈ ਤਾਂ ਜਿਸਮ 'ਤੇ ਵੱਡਾ ਜਖ਼ਮ ਸੀ ਜਿਸ ਦੇ ਕਰਕੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਮਰੀਜ ਦੀ ਕਿਡਨੀ ਕੱਢੀ ਗਈ ਹੈ। ਉਨ੍ਹਾਂ ਵੱਲੋਂ ਹਸਪਤਾਲ 'ਚ ਹੰਗਾਮਾ ਕੀਤਾ ਗਿਆ। ਬਾਅਦ ਵਿਚ ਪਤਾ ਚਲਿਆ ਕਿ ਮਰੀਜ ਦੇ ਸਾਰੇ ਅੰਗ ਸਲਾਮਤ ਸਨ। ਇਸ ਖ਼ਬਰ ਵਿਚ ਹਸਪਤਾਲ ਦੇ ਸੰਚਾਲਕ ਦਾ ਵੀ ਬਿਆਨ ਪੜ੍ਹਿਆ ਜਾ ਸਕਦਾ ਹੈ।
ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਹੋਰ ਸਰਚ ਕਰਨ 'ਤੇ ਸਾਨੂੰ ਮਾਮਲੇ ਨੂੰ ਲੈ ਕੇ 11 ਸਿਤੰਬਰ 2020 ਨੂੰ ਅਪਲੋਡ ਭਰਤਪੁਰ ਪਤ੍ਰਿਕਾ ਦੇ ਫੇਸਬੁੱਕ ਪੇਜ 'ਤੇ ਵਿਜੈ ਹਸਪਤਾਲ ਦੀ ਪ੍ਰੈਸ ਕਾਨਫਰੈਂਸ ਮਿਲੀ। ਵਿਜੈ ਹਸਪਤਾਲ ਵੱਲੋਂ ਸਾਫ ਕੀਤਾ ਗਿਆ ਹੈ ਕਿ ਮਰੀਜ ਦੀ ਕਿਡਨੀ ਨਹੀਂ ਕੱਢੀ ਗਈ ਸੀ। ਪਰਿਵਾਰ ਵੱਲੋਂ ਸ਼ੱਕ ਦੇ ਅਧਾਰ 'ਤੇ ਹੰਗਾਮਾ ਕੀਤਾ ਗਿਆ ਸੀ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਕਿਸੇ ਵੀ ਖ਼ਬਰ ਵਿਚ ਇਹ ਨਹੀਂ ਦੱਸਿਆ ਗਿਆ ਕਿ ਮ੍ਰਿਤਕ ਕੋਰੋਨਾ ਸੰਕ੍ਰਮਿਤ ਸੀ।
ਰੋਜ਼ਾਨਾ ਸਪੋਕਸਮੈਨ ਨੇ ਮਾਮਲੇ ਨੂੰ ਲੈ ਕੇ ਵਿਜੈ ਹਸਪਤਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਨੇ ਵੀਡੀਓ ਬਣਾ ਵਾਇਰਲ ਕਰ ਦਿੱਤਾ ਸੀ ਜਦਕਿ ਸੱਚ ਬਿਲਕੁਲ ਵੱਖਰਾ ਸੀ। ਪੋਸਟ ਮਾਰਟਮ ਰਿਪੋਰਟ ਵਿਚ ਸਾਫ ਹੋਇਆ ਸੀ ਕਿ ਮਰੀਜ ਦਾ ਕੋਈ ਵੀ ਅੰਗ ਨਹੀਂ ਕੱਢਿਆ ਗਿਆ ਸੀ। ਇਸ ਵੀਡੀਓ ਰਾਹੀਂ ਸਾਡੇ ਹਸਪਤਾਲ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਸਗੋਂ ਪਿਛਲੇ ਸਾਲ ਦਾ ਹੈ ਅਤੇ ਮਰੀਜ ਦੀ ਕਿਡਨੀਆਂ ਨਹੀਂ ਕੱਢੀਆਂ ਗਈਆਂ ਸਨ।
Claim: ਕੋਰੋਨਾ ਦੇ ਨਾਂ ਤੋਂ ਮਰੀਜ਼ ਨੂੰ ਮਾਰ ਕੇ ਉਸ ਦੀਆਂ ਕਿਡਨੀਆਂ ਕੱਢੀਆਂ ਗਈਆਂ ਹਨ
Claimed By: AggBani
Fact Check: ਫਰਜ਼ੀ